ਮਣੀਪੁਰ ਦੇ ਜਿਰੀਬਾਮ ਸਮੇਤ 6 ਪੁਲਸ ਥਾਣਿਆਂ ’ਚ ਫਿਰ ਲੱਗਾ 'ਅਫਸਪਾ'

Friday, Nov 15, 2024 - 12:09 PM (IST)

ਮਣੀਪੁਰ ਦੇ ਜਿਰੀਬਾਮ ਸਮੇਤ 6 ਪੁਲਸ ਥਾਣਿਆਂ ’ਚ ਫਿਰ ਲੱਗਾ 'ਅਫਸਪਾ'

ਨਵੀਂ ਦਿੱਲੀ- ਕੇਂਦਰ ਨੇ ਮਣੀਪੁਰ ਦੇ ਹਿੰਸਾ ਪ੍ਰਭਾਵਿਤ ਜਿਰੀਬਾਮ ਸਮੇਤ 6 ਪੁਲਸ ਥਾਣਾ ਖੇਤਰਾਂ ’ਚ ਹਥਿਆਰਬੰਦ ਫੋਰਸ (ਵਿਸ਼ੇਸ਼ ਸ਼ਕਤੀਆਂ) ਕਾਨੂੰਨ (ਅਫਸਪਾ) ਨੂੰ ਮੁੜ ਲਾਗੂ ਕਰ ਦਿੱਤਾ ਹੈ, ਜਿਸ ਦੇ ਤਹਿਤ ਸੁਰੱਖਿਆ ਫੋਰਸਾਂ ਦੀ ਸਹੂਲੀਅਤ ਲਈ ਕਿਸੇ ਖੇਤਰ ਨੂੰ ‘ਅਸ਼ਾਂਤ’ ਐਲਾਨਿਆ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਇਹ ਫ਼ੈਸਲਾ ਉੱਥੇ ਜਾਰੀ ਜਾਤੀ ਹਿੰਸਾ ਕਾਰਨ ਲਗਾਤਾਰ ਅਸਥਿਰ ਹਾਲਾਤ ਨੂੰ ਵੇਖਦੇ ਹੋਏ ਲਿਆ ਗਿਆ ਹੈ। ਜਿਨ੍ਹਾਂ ਇਲਾਕਿਆਂ ’ਚ ਅਫਸਪਾ ਨੂੰ ਮੁੜ ਤੋਂ ਲਾਗੂ ਕੀਤਾ ਗਿਆ ਹੈ, ਉਹ ਹਨ ਇੰਫਾਲ ਪੱਛਮ ਜ਼ਿਲ੍ਹੇ ’ਚ ਸੇਕਮਾਈ ਅਤੇ ਲਮਸਾਂਗ, ਇੰਫਾਲ ਪੂਰਬੀ ਜ਼ਿਲ੍ਹੇ ’ਚ ਲਮਲਾਈ, ਜਿਰੀਬਾਮ ਜ਼ਿਲ੍ਹੇ ’ਚ ਜਿਰੀਬਾਮ ਸ਼ਹਿਰ, ਕਾਂਗਪੋਕਪੀ ’ਚ ਲੀਮਾਖੋਂਗ ਅਤੇ ਬਿਸ਼ਣੂਪੁਰ ’ਚ ਮੋਇਰਾਂਗ ਸ਼ਾਮਲ ਹਨ।

ਮਣੀਪੁਰ ਦੇ ਜਿਰੀਬਾਮ ਅਤੇ ਚੁਰਾਚਾਂਦਪੁਰ ’ਚੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ

ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਜਿਰੀਬਾਮ ਅਤੇ ਚੁਰਾਚਾਂਦਪੁਰ ਜ਼ਿਲਿਆਂ ’ਚੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਭੰਡਾਰ ਜ਼ਬਤ ਕੀਤਾ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਬੁੱਧਵਾਰ ਨੂੰ ਜਿਰੀਬਾਮ ਜ਼ਿਲੇ ਦੇ ਚੰਪਾਨਗਰ, ਨਾਰਾਇਣਪੁਰ ਅਤੇ ਥਾਂਗਬੋਈਪੁੰਜਰੇ ਇਲਾਕਿਆਂ ’ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਮੋਰਟਾਰ ਅਤੇ ਕਾਰਤੂਸ ਬਰਾਮਦ ਕੀਤੇ। ਬਿਆਨ ’ਚ ਕਿਹਾ ਗਿਆ ਹੈ ਕਿ ਚੁਰਾਚਾਂਦਪੁਰ ਜ਼ਿਲੇ ਦੇ ਐੱਚ. ਕੋਟਲਿਆਨ ਪਿੰਡ ’ਚੋਂ ਸੁਰੱਖਿਆ ਫੋਰਸਾਂ ਨੇ ਇਕ ਰਾਈਫਲ, ਇਕ ਪਿਸਤੌਲ, ਸਥਾਨਕ ਤੌਰ ’ਤੇ ਬਣੀਆਂ ਘੱਟ ਦੂਰੀ ਅਤੇ ਲੰਮੀ ਦੂਰੀ ਦੀਆਂ 2-2 ਤੋਪਾਂ, ਏ. ਕੇ. 47 ਦੀਆਂ 5 ਗੋਲੀਆਂ ਆਦਿ ਜ਼ਬਤ ਕੀਤੀਆਂ ਹਨ।


author

Tanu

Content Editor

Related News