ਅਫਗਾਨ ਜੇਲ੍ਹ ’ਚ ਬੰਦ ਕੁੜੀ ਦੀ ਮਾਂ ਨੂੰ ਉਮੀਦ, ਧੀ ਨੂੰ ਮੁਆਫ਼ ਕਰ ਦੇਵੇਗੀ ਮੋਦੀ ਸਰਕਾਰ
Monday, Jun 14, 2021 - 09:57 AM (IST)
ਤਿਰੂਵਨੰਤਪੁਰਮ- ਇਸਲਾਮਿਕ ਸਟੇਟ ਦੇ ਲੜਾਕੂ ਬਣੇ ਪਤੀ ਦੀ ਅਫਗਾਨਿਸਤਾਨ ’ਚ ਇਕ ਹਮਲੇ ’ਚ ਹੱਤਿਆ ਤੋਂ ਬਾਅਦ ਉਥੋਂ ਦੀ ਜੇਲ੍ਹ ’ਚ ਬੰਦ ਕੇਰਲਾ ਦੀ ਨਿਮਿਸ਼ਾ ਫਾਤਿਮਾ ਦੀ ਮਾਂ ਬਿੰਦੂ ਸੰਪਤ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਉਸ ਦੀ ਧੀ ਨੂੰ ਮੁਆਫ਼ ਕਰ ਦੇਵੇਗੀ ਅਤੇ ਉਸ ਨੂੰ ਭਾਰਤ ਵਾਪਸ ਲਿਆਵੇਗੀ।
ਨਿਮਿਸ਼ਾ ਸੰਪਤ ਇਸਲਾਮ ਧਰਮ ਕਬੂਲਣ ਤੋਂ ਪਹਿਲਾਂ ਹਿੰਦੂ ਸੀ ਅਤੇ ਬਾਅਦ ’ਚ ਉਸ ਨੇ ਆਪਣਾ ਨਾਂ ਬਦਲ ਕੇ ਫਾਤਿਮਾ ਰੱਖ ਲਿਆ। ਉਸ ਨੇ ਕੇਰਲਾ ਦੇ ਇਸਲਾਮਿਕ ਸਟੇਟ ਮੈਂਬਰ ਨਾਲ ਵਿਆਹ ਕਰਵਾ ਲਿਆ ਸੀ । ਦੋਵੇਂ ਜੂਨ 2016 ’ਚ 19 ਹੋਰਨਾਂ ਨਾਲ ਭਾਰਤ ਤੋਂ ਭੱਜ ਕੇ ਅਫਗਾਨਿਸਤਾਨ ’ਚ ਇਸਲਾਮਿਕ ਸਟੇਟ ਦੇ ਕੰਟਰੋਲ ਵਾਲੇ ਹਿੱਸੇ ’ਚ ਪਹੁੰਚ ਗਏ ਸਨ। ਫਾਤਿਮਾ ਨੇ ਉਥੇ ਇਕ ਬੱਚੇ ਨੂੰ ਵੀ ਜਨਮ ਦਿੱਤਾ। ਫਾਤਿਮਾ ਅਤੇ ਤਿੰਨ ਹੋਰ ਜਨਾਨੀਆਂ ਰਫੀਲਾ, ਸੋਨੀਆ ਸੇਬਾਸਟੀਅਨ ਅਤੇ ਮੈਰਿਨ ਜੈਕਬ ਨੇ ਆਪਣੇ ਪਤੀਆਂ ਦੀ ਸੁਰੱਖਿਆ ਬਲਾਂ ਨਾਲ ਲੜਾਈ ਦੌਰਾਨ ਮੌਤ ਤੋਂ ਬਾਅਦ ਸਾਲ 2019 ’ਚ ਅਫਗਾਨ ਸਰਕਾਰ ਅੱਗੇ ਸਰੰਡਰ ਕਰ ਦਿੱਤਾ ਸੀ। ਉਦੋਂ ਤੋਂ ਫਾਤਿਮਾ ਅਤੇ ਇਹ ਤਿੰਨੋਂ ਜਨਾਨੀਆਂ ਕਾਬੁਲ ਦੀ ਇਕ ਜੇਲ੍ਹ ’ਚ ਬੰਦ ਹਨ।