ਸੋਫੀ ਟਰੂਡੋ ਦੀ ਵਿਦਿਆਰਥਣਾਂ ਨੂੰ ਸਲਾਹ: ਨਿਡਰ ਹੋ ਕੇ ਕਰੋ ਦੁਨੀਆ ਦਾ ਸਾਹਮਣਾ

02/22/2018 5:07:51 PM

ਨਵੀਂ ਦਿੱਲੀ/ਟੋਰਾਂਟੋ(ਭਾਸ਼ਾ)— ਔਰਤਾਂ ਨੂੰ ਮਨੁੱਖ ਨੂੰ ਜਨਮ ਦੇਣ ਵਾਲੀ ਦੱਸਦੇ ਹੋਏ ਕੈਨੇਡਾ ਦੀ ਪ੍ਰਥਮ ਮਹਿਲਾ ਸੋਫੀ ਗ੍ਰੇਗੋਈਰ ਟਰੂਡੋ ਨੇ ਅੱਜ ਕੁੜੀਆਂ ਨੂੰ ਨਿਡਰ ਬਣਨ ਅਤੇ ਸਿਰ ਉਚਾ ਕਰ ਕੇ ਦੁਨੀਆ ਦਾ ਸਾਹਮਣਾ ਕਰਨ ਦੀ ਸਲਾਹ ਦਿੱਤੀ। ਗਲੋਬਲ ਅਭਿਆਨ 'ਸ਼ੀਅ ਵਿੱਲ ਗ੍ਰੋ ਇਨਟੂ ਇਟ' ਦੀ ਏਸ਼ੀਆ ਸ਼ੁਰੂਆਤ ਦੇ ਮੌਕੇ 'ਤੇ ਇੱਥੇ ਭਾਰਤੀ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਸੋਫੀ ਨੇ ਉਨ੍ਹਾਂ ਨੂੰ ਕਿਹਾ ਕਿ ਜੋ ਬੋਲ ਨਹੀਂ ਸਕਦੇ, ਉਨ੍ਹਾਂ ਲਈ ਆਵਾਜ਼ ਚੁਕੋ ਅਤੇ ਮਜ਼ਾ ਲਓ। ਭਾਰਤ ਯਾਤਰਾ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਨੇ ਕਿਹਾ ਕਿ ਕਈ ਸੱਭਿਆਚਾਰਕ ਧਾਰਨਾਵਾਂ ਔਰਤਾਂ ਨੂੰ ਸਮਾਜ ਵਿਚ ਘੱਟ ਜਗ੍ਹਾ ਦੇਣ ਜਾਂ ਕਈ ਵਾਰ ਸਮਾਜ ਤੋਂ ਵੱਖ ਰਹਿਣ ਦੀ ਗੱਲ ਕਰਦੀਆਂ ਹਨ ਪਰ ਇਹ ਨਹੀਂ ਹੋਵੇਗਾ। ਉਨ੍ਹਾਂ ਕਿਹਾ, 'ਕੁੜੀਆਂ ਅਤੇ ਔਰਤਾਂ ਮਨੁੱਖ ਨੂੰ ਜਨਮ ਦੇਣ ਵਾਲੀਆਂ ਹਨ ਅਤੇ ਉਹ ਪੂਰੀ ਤਰ੍ਹਾਂ ਨਾਲ ਸਹਿਭਾਗੀ ਨਾਗਰਿਕ ਹੋਣਗੀਆਂ ਅਤੇ ਸਮਾਨਤਾ ਦੀਆਂ ਕੋਸ਼ਿਸ਼ਾਂ ਵਿਚ ਪੁਰਸ਼ ਸਾਡੇ ਸਹਿਯੋਗੀ ਹਨ।'
ਦੱਸਣਯੋਗ ਹੈ ਕਿ ਗੁਜਰਾਤ ਦੇ ਪਾਟਨ ਜਿਲੇ ਦੀਆਂ 12 ਵਿਦਿਆਰਥਣਾਂ ਨੇ ਅੱਜ ਉਕਤ ਅਭਿਆਨ ਦੇ ਤਹਿਤ ਸੋਫੀ ਨਾਲ ਗੱਲਬਾਤ ਕੀਤੀ ਅਤੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ। 11ਵੀਂ ਦੀ ਵਿਦਿਆਰਥਣ ਦੀ ਕਹਾਣੀ ਸੁਣਨ ਤੋਂ ਬਾਅਦ ਸੋਫੀ ਭਾਵੁਕ ਹੋ ਗਈ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਸੋਫੀ ਨੇ ਕਿਹਾ, 'ਕੁੜੀ ਹੋਣ ਦੇ ਨਾਤੇ ਵੱਡੇ ਹੁੰਦੇ ਹੋਏ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰੋਗੇ। ਤੁਸੀਂ ਡਰਿਆ ਹੋਇਆ ਮਹਿਸੂਸ ਕਰ ਸਕਦੇ ਹੋ। ਡਰ ਲੱਗਣਾ ਆਮ ਗੱਲ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਨੂੰ ਦੁਨੀਆ ਦਾ ਸਾਹਮਣਾ ਕਰਨ ਵਿਚ ਸਾਹਸੀ ਅਤੇ ਨਿਡਰ ਬਣਨਾ ਚਾਹੀਦਾ ਹੈ।' ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ, 'ਸਿਰ ਉਚਾ ਕਰ ਕੇ ਦੁਨੀਆ ਦਾ ਸਾਹਮਣਾ ਕਰੋ। ਆਵਾਜ ਚੁੱਕੋ ਅਤੇ ਜੋ ਨਹੀਂ ਬੋਲ ਸਕਦੇ, ਉਨ੍ਹਾਂ ਲਈ ਬੋਲੋ ਅਤੇ ਇਹ ਸਭ ਕਰਦੇ ਹੋਏ ਮਜ਼ਾ ਲਓ। ਦੱਸਣਯੋਗ ਹੈ ਕਿ ਟਰੂਡੋ ਅਤੇ ਉਨ੍ਹਾਂ ਦੇ 3 ਬੱਚੇ ਵੀ ਹਫਤੇ ਭਰ ਦੀ ਭਾਰਤ ਯਾਤਰਾ 'ਤੇ ਆਏ ਹੋਏ ਹਨ। ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਕੁੜੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਬਦਲਾਅ ਦੀ ਸ਼ਕਤੀਸ਼ਾਲੀ ਪ੍ਰਤੀਨਿਧੀ ਕਰਾਰ ਦਿੱਤਾ।


Related News