ਡਾਕਟਰਾਂ ਦੀ ਸਲਾਹ; ਸੈਨੇਟਾਈਜ਼ਰ ਲਗਾ ਕੇ ਦੀਵੇ ਅਤੇ ਪਟਾਕੇ ਨਾ ਚਲਾਓ
Saturday, Oct 22, 2022 - 03:46 PM (IST)
ਬਸਤੀ- ਕੋਰੋਨਾ ਕਾਲ ’ਚ ਸੈਨੇਟਾਈਜ਼ਰ ਦੇ ਇਸਤੇਮਾਲ ’ਚ ਹੋਏ ਜ਼ਬਰਦਸਤ ਇਜ਼ਾਫੇ ਨੂੰ ਵੇਖਦੇ ਹੋਏ ਡਾਕਟਰਾਂ ਨੇ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਨੂੰ ਵੇਖਦੇ ਹੋਏ ਚੌਕਸ ਕੀਤਾ ਹੈ। ਡਾਕਟਰਾਂ ਨੇ ਕਿਹਾ ਕਿ ਲੋਕ ਹੱਥਾਂ ’ਚ ਸੈਨੇਟਾਈਜ਼ਰ ਲਾ ਕੇ ਪਟਾਕੇ ਜਾਂ ਦੀਵੇ ਨਾ ਚਲਾਉਣ। ਇਸ ਬਾਬਤ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਸੀਨੀਅਰ ਡਾਕਟਰ ਰਮੇਸ਼ ਚੰਦਰ ਸ਼੍ਰੀਵਾਸਤਵ ਨੇ ਸ਼ਨੀਵਾਰ ਨੂੰ ਧਨਤੇਰਸ ਅਤੇ ਇਸ ਤੋਂ ਬਾਅਦ ਦੀਵਾਲੀ ਦੇ ਤਿਉਹਾਰ ’ਤੇ ਪਟਾਕੇ ਚਲਾਉਣ ਅਤੇ ਦੀਵੇ ਜਗਾਉਣ ਦੀ ਪਰੰਪਰਾ ਦਾ ਹਵਾਲਾ ਦਿੰਦੇ ਹੋਏ ਲੋਕਾਂ ਨੂੰ ਇਹ ਸਲਾਹ ਦਿੱਤੀ ਹੈ।
ਡਾਕਟਰ ਦੀ ਦਲੀਲ ਹੈ ਕਿ ਸੈਨੇਟਾਈਜ਼ਰ ਨੂੰ ਬਣਾਉਣ ’ਚ ਬੇਹੱਦ ਜਲਣਸ਼ੀਲ ਅਲਕੋਹਲ ਸਮੇਤ ਹੋਰ ਪਦਾਰਥਾਂ ਦਾ ਇਸਤੇਮਾਲ ਹੁੰਦਾ ਹੈ। ਇਸ ਲਈ ਹੱਥਾਂ ’ਚ ਸੈਨੇਟਾਈਜ਼ਰ ਲੱਗਾ ਹੋਣ ’ਤੇ ਪਟਾਕੇ ਜਾਂ ਦੀਵੇ ਚਲਾਉਣ ਸਮੇਂ ਅੱਗ ਫੜਨ ਦਾ ਖ਼ਤਰਾ ਵੱਧ ਜਾਂਦਾ ਹੈ। ਓਧਰ ਡਾਕਟਰ ਅਗਰਵਾਲ ਨੇ ਕਿਹਾ ਕਿ ਹੱਥਾਂ ’ਚ ਸੈਨੇਟਾਈਜ਼ਰ ਲਾ ਕੇ ਦੀਵੇ ਜਗਾਉਣ ਅਤੇ ਪਟਾਕੇ ਚਲਾਉਣ ਤੋਂ ਪਰਹੇਜ਼ ਕਰੋ। ਇਸ ਮਾਮਲੇ ਵਿਚ ਉਨ੍ਹਾਂ ਨੇ ਬੱਚਿਆਂ ’ਤੇ ਵਿਸ਼ੇਸ਼ ਰੂਪ ਨਾਲ ਧਿਆਨ ਦੇਣ ਦੀ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਬੱਚਿਆਂ ਨੂੰ ਵਾਰ-ਵਾਰ ਸੈਨੇਟਾਈਜ਼ਰ ਲਾਉਣ ਦੀ ਆਦਤ ਪੈ ਗਈ ਹੈ। ਇਸ ਕਾਰਨ ਬੇਹੱਦ ਜਲਣਸ਼ੀਲ ਪ੍ਰਵਿਤੀ ਵਾਲੇ ਸੈਨੇਟਾਈਜ਼ਰ ਦਾ ਇਸਤੇਮਾਲ ਕਰ ਕੇ ਪਟਾਕੇ ਚਲਾਉਣਾ ਜਾਂ ਦੀਵੇ ਜਗਾਉਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਇਸ ਨਾਲ ਅੱਗ ਲੱਗਣ ਦਾ ਖ਼ਤਰਾ ਰਹੇਗਾ ਅਤੇ ਵੱਡੀ ਘਟਨਾ ਵੀ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦੀਵੇ ਜਗਾਉਂਦੇ ਸਮੇਂ, ਪਟਾਕੇ ਚਲਾਉਂਦੇ ਸਮੇਂ ਅਤੇ ਅੱਗ ਦੇ ਨੇੜੇ ਜਾਂਦੇ ਸਮੇਂ ਸੈਨੇਟਾਈਜ਼ਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਏ ਸਾਬਣ ਨਾਲ ਹੱਥ ਸਾਫ ਕਰਨਾ ਬਿਹਤਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਤਿਉਹਾਰ ’ਚ ਕਿਸੇ ਤਰ੍ਹਾਂ ਦਾ ਖਲਲ ਨਾ ਪਵੇ, ਇਸ ਲਈ ਜਾਗਰੂਕ ਅਤੇ ਸੁਰੱਖਿਅਤ ਰਹਿਣਾ ਜ਼ਰੂਰੀ ਹੈ। ਭਗਵਾਨ ਦੀ ਆਰਤੀ ਕਰਨੀ ਹੋਵੇ, ਮੰਦਰ ’ਚ ਮੋਮਬੱਤੀਆਂ ਜਾਂ ਦੀਵੇ ਜਗਾਉਣੇ ਹੋਣ, ਰਸੋਈ ’ਚ ਕੰਮ ਕਰਨਾ ਹੋਵੇ ਤਾਂ ਸੈਨੇਟਾਈਜ਼ਰ ਦਾ ਇਸਤੇਮਾਲ ਬਿਲਕੁਲ ਵੀ ਨਾ ਕਰੋ।