UP ਪੁਲਸ ਨੇ ਮੁਕਾਬਲੇ ''ਚ ਢਾਈ ਲੱਖ ਦੇ ਇਨਾਮੀ ਮਾਫੀਆ ਕੀਤਾ ਢੇਰ

Wednesday, Apr 12, 2023 - 05:51 PM (IST)

UP ਪੁਲਸ ਨੇ ਮੁਕਾਬਲੇ ''ਚ ਢਾਈ ਲੱਖ ਦੇ ਇਨਾਮੀ ਮਾਫੀਆ ਕੀਤਾ ਢੇਰ

ਬਿਜਨੌਰ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਪਿਛਲੇ ਸਾਲ ਪੁਲਸ ਹਿਰਾਸਤ ਤੋਂ ਫਰਾਰ ਹੋਏ ਪ੍ਰਦੇਸ਼ ਪੱਧਰੀ ਮਾਫੀਆ ਆਦਿਤਿਆ ਰਾਣਾ ਨੂੰ ਇਕ ਮੁਕਾਬਲੇ 'ਚ ਮਾਰਿਆ ਗਿਆ ਹੈ। ਉਸ 'ਤੇ ਢਾਈ ਲੱਖ ਰੁਪਏ ਦਾ ਇਨਾਮ ਸੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਬਦਮਾਸ਼ਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 5 ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਪੁਲਸ ਸੁਪਰਡੈਂਟ ਨੀਰਜ ਕੁਮਾਰ ਜਾਦੌਨ ਨੇ ਬੁੱਧਵਾਰ ਨੂੰ ਕਿਹਾ ਕਿ 11-12 ਅਪ੍ਰੈਲ ਦੀ ਰਾਤ ਨੂੰ ਬਿਜਨੌਰ ਪੁਲਸ ਦਾ ਆਦਿਤਿਆ ਰਾਣਾ ਗੈਂਗ ਨਾਲ ਮੁਕਾਬਲਾ ਹੋਇਆ, ਜਿਸ ਵਿਚ ਰਾਣਾ ਨੂੰ ਪੁਲਸ ਨੇ ਜ਼ਖਮੀ ਹਾਲਤ ਵਿਚ ਹਿਰਾਸਤ ਵਿਚ ਲਿਆ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਉਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਮੰਗਲਵਾਰ ਦੇਰ ਰਾਤ ਸਯੋਹਾਰਾ ਥਾਣਾ ਪੁਲਸ ਨੇ ਬੁਢਨਪੁਰ 'ਚ ਆਦਿਤਿਆ ਰਾਣਾ ਦੇ ਟਿਕਾਣੇ 'ਤੇ ਘੇਰਾਬੰਦੀ ਕੀਤੀ ਤਾਂ ਬਦਮਾਸ਼ਾਂ ਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ। ਜਾਦੌਨ ਨੇ ਦੱਸਿਆ ਕਿ ਪੁਲਸ ਦੀ ਜਵਾਬੀ ਕਾਰਵਾਈ ਵਿਚ ਗਿਰੋਹ ਦਾ ਸਰਗਨਾ ਰਾਣਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਜਦਕਿ ਬਾਕੀ ਬਦਮਾਸ਼ ਜੰਗਲ ਵੱਲ ਭੱਜ ਗਏ। ਪੁਲਸ ਫਰਾਰ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿਚ ਪੰਜ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਪੁਲਸ ਸੁਪਰਡੈਂਟ ਅਨੁਸਾਰ ਰਾਣਾ 2022 ਵਿਚ ਅਦਾਲਤ ਵਿਚ ਪੇਸ਼ੀ ਦੌਰਾਨ ਪੁਲਸ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ। ਉਸ ਨੇ ਦੱਸਿਆ ਕਿ 23 ਅਗਸਤ 2022 ਨੂੰ ਜਦੋਂ ਲਖਨਊ ਪੁਲਸ ਉਸ ਨੂੰ ਬਿਜਨੌਰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਵਾਪਸ ਲੈ ਕੇ ਜਾ ਰਹੀ ਸੀ ਤਾਂ ਰਾਣਾ ਪੁਲਸ ਨੂੰ ਚਕਮਾ ਦੇ ਕੇ ਸ਼ਾਹਜਹਾਂਪੁਰ ਥਾਣੇ ਦੇ ਰਾਮਕਿਸ਼ਨ ਮਿਸ਼ਨ ਇਲਾਕੇ 'ਚ ਇਕ ਢਾਬੇ ਤੋਂ ਫਰਾਰ ਹੋ ਗਿਆ ਸੀ। ਉਸ ਨੇ ਦੱਸਿਆ ਕਿ ਪੁਲਸ ਦੇ ਡਾਇਰੈਕਟਰ ਜਨਰਲ ਨੇ ਰਾਣਾ ਨੂੰ ਰਾਜ ਪੱਧਰੀ ਮਾਫੀਆ ਕਰਾਰ ਦੇਣ 'ਤੇ ਢਾਈ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। 

ਐੱਸ.ਪੀ. ਜਾਦੌਨ ਨੇ ਦੱਸਿਆ ਕਿ ਰਾਣਾ ਦੇ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ 43 ਕੇਸ ਦਰਜ ਹਨ, ਜਿਨ੍ਹਾਂ ਵਿਚ 6 ਕੇਸ ਕਤਲ ਅਤੇ 13 ਲੁੱਟ-ਖੋਹ ਦੇ ਹਨ। ਰਾਣਾ ਬਿਜਨੌਰ ਦੇ ਨਾਲ-ਨਾਲ ਲਖਨਊ, ਸ਼ਾਹਜਹਾਂਪੁਰ, ਅਮਰੋਹਾ ਅਤੇ ਸੰਭਲ 'ਚ ਲੋੜੀਂਦਾ ਅਪਰਾਧੀ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਰਾਣਾ ਗਿਰੋਹ ਦੇ 48 ਮੈਂਬਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 6 ਗ੍ਰਿਫ਼ਤਾਰ ਹੋ ਚੁੱਕੇ ਹਨ।


author

Rakesh

Content Editor

Related News