ਜਨਤਕ ਤੌਰ ’ਤੇ ਅਸ਼ਲੀਲ ਭੋਜਪੁਰੀ ਗਾਣੇ ਵਜਾਉਣ ’ਤੇ ਹੋਵੇਗੀ ਕਾਰਵਾਈ

Sunday, Mar 09, 2025 - 04:40 AM (IST)

ਜਨਤਕ ਤੌਰ ’ਤੇ ਅਸ਼ਲੀਲ ਭੋਜਪੁਰੀ ਗਾਣੇ ਵਜਾਉਣ ’ਤੇ ਹੋਵੇਗੀ ਕਾਰਵਾਈ

ਪਟਨਾ - ਬਿਹਾਰ ’ਚ ਜਨਤਕ ਥਾਵਾਂ ’ਤੇ ‘ਦੋਹਰੇ ਅਰਥ ਵਾਲੇ’ ਭੋਜਪੁਰੀ ਅਸ਼ਲੀਲ ਗਾਣੇ ਵਜਾਉਣ ਵਾਲਿਆਂ ਵਿਰੁੱਧ ਕਾਰਵਾਈ ਦਾ ਹੁਕਮ ਦਿੰਦੇ ਹੋਏ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਇਕ ਭਖਦੀ ਸਮਾਜਿਕ ਸਮੱਸਿਆ ਹੈ ਜੋ ਨਾ ਸਿਰਫ਼ ਔਰਤਾਂ ਦੀ ਸੁਰੱਖਿਆ ਨੂੰ ਖਤਰੇ ’ਚ ਪਾਉਂਦੀ ਹੈ ਸਗੋਂ ਬੱਚਿਆਂ ਦੀ ਮਾਨਸਿਕਤਾ ’ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। 

ਸੂਬਾਈ ਪੁਲਸ ਹੈੱਡਕੁਆਰਟਰ ਵੱਲੋਂ ਜਾਰੀ ਇਕ ਸਰਕੂਲਰ ’ਚ ਕਿਹਾ ਗਿਆ ਹੈ ਕਿ ਜਨਤਕ ਇਕੱਠਾਂ, ਬੱਸਾਂ, ਟਰੱਕਾਂ ਤੇ ਆਟੋ-ਰਿਕਸ਼ਿਆਂ ’ਚ ਇਹ ਗਾਣੇ ਵਜਾਉਣ ਵਾਲਿਆਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ। ਇਹ ਸਰਕੂਲਰ ਸਾਰੇ ਇੰਸਪੈਕਟਰ ਜਨਰਲਾਂ, ਡਿਪਟੀ ਇੰਸਪੈਕਟਰ ਜਨਰਲਾਂ ਤੇ ਰੇਲਵੇ ਪੁਲਸ ਨੂੰ ਭੇਜਿਆ ਗਿਆ ਹੈ। ਇਸ ਅਨੁਸਾਰ ਅਜਿਹੀਆਂ ਸਰਗਰਮੀਆਂ ’ਚ ਸ਼ਾਮਲ ਲੋਕਾਂ ਅਤੇ ਅਸ਼ਲੀਲ ਅਤੇ ਦੋਹਰੇ ਅਰਥ ਵਾਲੇ ਭੋਜਪੁਰੀ ਗੀਤਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਜਦੋਂ ਔਰਤਾਂ ਜਨਤਕ ਥਾਵਾਂ, ਸਮਾਗਮਾਂ, ਬੱਸਾਂ, ਟਰੱਕਾਂ ਅਤੇ ਆਟੋ ਰਿਕਸ਼ਿਆਂ  ’ਚ ਅਜਿਹੇ ਅਸ਼ਲੀਲ ਅਤੇ ਦੋਹਰੇ ਅਰਥ ਵਾਲੇ ਭੋਜਪੁਰੀ ਗਾਣੇ ਸੁਣਦੀਆਂ ਹਨ ਤਾਂ ਉਨ੍ਹਾਂ ਨੂੰ ਸ਼ਰਮ ਆਉਂਦੀ ਹੈ।


author

Inder Prajapati

Content Editor

Related News