ਹੁਣ ਨੋਰਾ ਫਤੇਹੀ ਦੇ ਗਾਣੇ 'ਤੇ ਉੱਠੀ ਬੈਨ ਲਾਉਣ ਦੀ ਮੰਗ ! ਅਸ਼ਲੀਲਤਾ ਨੂੰ ਲੈ ਕੇ ਭਖ਼ਿਆ ਵਿਵਾਦ
Tuesday, Mar 17, 2026 - 01:46 PM (IST)
ਮਨੋਰੰਜਨ ਡੈਸਕ - ਨੋਰਾ ਫਤੇਹੀ ਅਤੇ ਸੰਜੇ ਦੱਤ ਦੇ ਨਵੇਂ ਗਾਣੇ 'ਸਰਕੇ ਚੁਨਰ ਤੇਰੀ ਸਰਕੇ' ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਗਾਣੇ 'ਤੇ ਅਸ਼ਲੀਲਤਾ ਦੇ ਦੋਸ਼ ਲਗਾਉਂਦੇ ਹੋਏ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਫਿਲਮ ‘ਕੇਡੀ ਦ ਡੈਵਿਲ’ ਦਾ ਇਹ ਗਾਣਾ ਰਿਲੀਜ਼ ਹੁੰਦੇ ਹੀ ਆਲੋਚਨਾਵਾਂ ਦੇ ਘੇਰੇ 'ਚ ਆ ਗਿਆ ਹੈ। ਦਿੱਲੀ ਹਾਈ ਕੋਰਟ ਦੇ ਵਕੀਲ ਵਿਨੀਤ ਜਿੰਦਲ ਨੇ ਇਸ ਗਾਣੇ ਦੇ ਬੋਲਾਂ 'ਤੇ ਸਖ਼ਤ ਇਤਰਾਜ਼ ਜਤਾਇਆ ਹੈ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਇੱਕ ਸ਼ਿਕਾਇਤ ਭੇਜੀ ਹੈ। ਵਕੀਲ ਨੇ ਮੰਗ ਕੀਤੀ ਹੈ ਕਿ ਇਸ ਕਥਿਤ ਅਸ਼ਲੀਲ ਗਾਣੇ 'ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਇਸਨੂੰ ਹਟਾਇਆ ਜਾਵੇ ਕਿਉਂਕਿ ਇਸ ਨਾਲ ਸਮਾਜ 'ਚ ਗਲਤ ਸੰਦੇਸ਼ ਜਾਵੇਗਾ।
ਇਸ ਮਾਮਲੇ 'ਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਵੀ ਦਖ਼ਲ ਦਿੱਤਾ ਹੈ। ਕਮਿਸ਼ਨ ਨੇ ਗਾਣੇ 'ਚ ਇਤਰਾਜ਼ਯੋਗ ਅਤੇ ਦੋਹਰੇ ਅਰਥਾਂ ਵਾਲੇ ਬੋਲਾਂ ਦੀ ਵਰਤੋਂ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਇਲਾਵਾ, ਮਸ਼ਹੂਰ ਗਾਇਕ ਅਰਮਾਨ ਮਲਿਕ ਨੇ ਵੀ ਸੋਸ਼ਲ ਮੀਡੀਆ 'ਤੇ ਇਸ ਗਾਣੇ ਦਾ ਵਿਰੋਧ ਕਰਦਿਆਂ ਇਸਨੂੰ ਅਸ਼ਲੀਲ ਦੱਸਿਆ ਹੈ। ਇਹ ਗਾਣਾ ਅਦਾਕਾਰਾ ਨੋਰਾ ਫਤੇਹੀ ਅਤੇ ਅਦਾਕਾਰ ਸੰਜੇ ਦੱਤ 'ਤੇ ਫਿਲਮਾਇਆ ਗਿਆ ਹੈ। ਇਸ ਦੇ ਬੋਲ ਗੀਤਕਾਰ ਰਕੀਬ ਆਲਮ ਨੇ ਲਿਖੇ ਹਨ ਅਤੇ ਫਿਲਮ ਦਾ ਨਿਰਦੇਸ਼ਨ 'ਪ੍ਰੇਮ' ਵੱਲੋਂ ਕੀਤਾ ਗਿਆ ਹੈ। ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋ ਰਿਹਾ ਹੈ।
