ਦੇਸ਼ ਵਿਰੋਧੀ ਮੁਹਿੰਮ ਚਲਾਉਣ ਵਾਲੇ ਯੂ-ਟਿਊਬ ਦੇ 104 ਚੈਨਲਾਂ ਅਤੇ 6 ਵੈੱਬਸਾਈਟਾਂ ਖ਼ਿਲਾਫ਼ ਕਾਰਵਾਈ : ਅਨੁਰਾਗ
Friday, Dec 23, 2022 - 12:45 PM (IST)

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਵੀਰਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਦੇਸ਼ ਖਿਲਾਫ ਮੁਹਿੰਮ ਚਲਾਉਣ ਵਾਲੇ ਅਤੇ ਸਮਾਜ ’ਚ ਭਰਮ ਅਤੇ ਡਰ ਫੈਲਾਉਣ ਨੂੰ ਲੈ ਕੇ ਯੂ-ਟਿਊਬ ਦੇ 104 ਚੈਨਲਾਂ ਨਾਲ ਹੀ ਟਵਿੱਟਰ ਦੇ 5 ਅਕਾਊਂਟ ਅਤੇ 6 ਵੈੱਬਸਾਈਟਾਂ ਖਿਲਾਫ ਆਈ. ਟੀ. ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਉਪਰਲੇ ਸਦਨ ’ਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਖਿਲਾਫ ਮੁਹਿੰਮ ਚਲਾਉਣ ਵਾਲੇ ਅਤੇ ਸਮਾਜ ’ਚ ਭਰਮ ਅਤੇ ਡਰ ਫੈਲਾਉਣ ਦੇ ਮਾਮਲੇ ’ਚ ਆਈ. ਟੀ. ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਅਜਿਹੇ ਮਾਮਲਿਆਂ ’ਚ 104 ਯੂ-ਟਿਊਬ ਚੈਨਲਾਂ, 45 ਵੀਡੀਓਜ਼, 4 ਫੇਸਬੁੱਕ ਅਕਾਊਂਟ ਅਤੇ 2 ਪੋਸਟਾਂ, ਇੰਸਟਾਗ੍ਰਾਮ ਦੇ 3 ਅਤੇ ਟਵਿੱਟਰ ਦੇ 5 ਅਕਾਊਂਟਸ ਅਤੇ 6 ਵੈੱਬਸਾਈਟਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ 2 ਐਪਸ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ। ਠਾਕੁਰ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਚ ਭਾਰਤ ਸਰਕਾਰ ਸਬੰਧਤ ਮੰਚਾਂ ਨੂੰ ਪੱਤਰ ਲਿਖਦੀ ਹੈ ਅਤੇ ਉਹ ਹੀ ਕਾਰਵਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜਿਹੇ ਮਾਮਲਿਆਂ ’ਚ ਕਾਰਵਾਈ ਕੀਤੀ ਹੈ ਅਤੇ ਲੋੜ ਪੈਣ ’ਤੇ ਅੱਗੇ ਵੀ ਕਾਰਵਾਈ ਜਾਰੀ ਰੱਖੇਗੀ।
ਇਸ ਦੌਰਾਨ ਨੌਜਵਾਨ ਪ੍ਰੋਗਰਾਮ ਤੇ ਖੇਡ ਮੰਤਰਾਲਾ ਦੇ ਵੀ ਮੰਤਰੀ ਅਨੁਰਾਗ ਠਾਕੁਰ ਨੇ ਰਾਜ ਸਭਾ ’ਚ ਇਕ ਸਵਾਲ ਦੇ ਲਿਖਤ ਜਵਾਬ ’ਚ ਕਿਹਾ ਕਿ ਖੇਲੋ ਇੰਡੀਆ ਐਥਲੀਟਾਂ ਦੀ ਚੋਣ ਖੇਲੋ ਇੰਡੀਆ ਗੇਮਸ, ਨੈਸ਼ਨ ਚੈਂਪੀਅਨਸ਼ਿਪ/ਖੁੱਲ੍ਹੀ ਚੋਣ ਪ੍ਰੀਖਿਆ ’ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ’ਚ ਖੇਲੋ ਇੰਡੀਆ ਯੋਜਨਾ ਦੇ ਤਹਿਤ 21 ਖੇਡਾਂ ’ਚ ਹੁਣ ਤੱਕ ਪੂਰੇ ਦੇਸ਼ ਤੋਂ 841 ਐਥਲੀਟਾਂ ਨੂੰ ਖੇਲੋ ਇੰਡੀਆ ਐਥਲੀਟ ਦੇ ਰੂਪ ’ਚ ਚੁਣਿਆ ਗਿਆ ਹੈ।