ਰਿਸ਼ਤੇ ਸ਼ਰਮਸਾਰ ! ਮਾਮੇ ਨੇ ਭਾਣਜੀ ਨਾਲ ਜਬਰ ਜ਼ਿਨਾਹ ਕਰਨ ਮਗਰੋਂ ਕੀਤਾ ਕਤਲ, ਪੁਲਸ ਨੇ ਕਰ''ਤਾ ਐਨਕਾਊਂਟਰ
Monday, Apr 20, 2026 - 02:20 PM (IST)
ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਟੀਲਾ ਮੋੜ ਥਾਣਾ ਖੇਤਰ 'ਚ 4 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਅਤੇ ਉਸ ਦੇ ਕਤਲ ਦੇ ਮਾਮਲੇ 'ਚ ਲੋੜੀਂਦੇ 55 ਸਾਲਾ ਦੋਸ਼ੀ ਨੂੰ ਪੁਲਸ ਨੇ ਐਤਵਾਰ ਦੇਰ ਰਾਤ ਮੁਕਾਬਲੇ 'ਚ ਮਾਰ ਸੁੱਟਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਦੋਸ਼ੀ ਜੀਸ਼ਾਨ 'ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨ ਸੀ। ਉਸ ਨੇ ਦੱਸਿਆ ਕਿ ਪੁਲਸ ਅਤੇ ਅਪਰਾਧ ਸ਼ਾਖਾ ਦੀ ਸੰਯੁਕਤ ਮੁਹਿੰਮ ਦੌਰਾਨ ਉਸ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਸ ਟੀਮ 'ਤੇ ਗੋਲੀਬਾਰੀ ਕੀਤੀ, ਜਿਸ 'ਚ 2 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜਵਾਬੀ ਕਾਰਵਾਈ 'ਚ ਪੁਲਸ ਦੀ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੇ ਦੱਸਿਆ ਕਿ 11 ਅਪ੍ਰੈਲ ਨੂੰ ਦੁਪਹਿਰ ਕਰੀਬ 12 ਵਜੇ ਜੀਸ਼ਾਨ ਆਪਣੀ 4 ਸਾਲਾ ਭਾਣਜੀ ਨੂੰ ਟੌਫੀ ਦਿਵਾਉਣ ਦੇ ਬਹਾਨੇ ਘਰੋਂ ਬਾਹਰ ਲੈ ਗਿਆ।
ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਬੱਚੀ ਨੂੰ ਆਪਣੇ ਕਮਰੇ 'ਚ ਲਿਜਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਬਾਅਦ 'ਚ ਗਲਾ ਘੁੱਟ ਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਦੋਸ਼ੀ ਨੇ ਬੱਚੀ ਦੀ ਲਾਸ਼ ਨੂੰ ਮੋਢੇ 'ਤੇ ਚੁੱਕ ਕੇ ਸ਼ਾਲੀਮਾਰ ਗਾਰਡਨ ਥਾਣਾ ਖੇਤਰ ਦੀ 80 ਫੁੱਟ ਰੋਡ 'ਤੇ ਕਾਰ ਦੇ ਹੇਠਾਂ ਸੁੱਟ ਦਿੱਤਾ ਅਤੇ ਫਰਾਰ ਹੋ ਗਿਆ। ਪੁਲਸ ਉਸ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕਰ ਰਹੀ ਸੀ। 2 ਦਿਨ ਪਹਿਲਾਂ ਦਿੱਲੀ ਰੇਲਵੇ ਸਟੇਸ਼ਨ 'ਤੇ ਸੀਸੀਟੀਵੀ ਫੁਟੇਜ 'ਚ ਉਸ ਦੀ ਮੌਜੂਦਗੀ ਸਾਹਮਣੇ ਆਈ, ਜਦੋਂ ਉਹ ਦਿੱਲੀ ਤੋਂ ਦੌੜਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ 'ਚ ਪੁਲਸ ਨੂੰ ਸੂਚਨਾ ਮਿਲੀ ਕਿ ਉਹ ਲੋਨੀ ਦੇ ਬੰਥਲਾ ਨਹਿਰ ਕੋਲ ਕਿਸੇ ਨੂੰ ਮਿਲਣ ਵਾਲਾ ਹੈ।
ਸੂਚਨਾ ਦੇ ਆਧਾਰ 'ਤੇ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕੀਤੀ। ਸ਼ੱਕੀ ਨੂੰ ਰੁਕਣ ਦਾ ਇਸ਼ਾਰਾ ਕਰਨ 'ਤੇ ਉਹ ਦੌੜਣ ਲੱਗਾ ਅਤੇ ਖੁਦ ਨੂੰ ਘਿਰਦਾ ਦੇਖ ਕੇ ਪੁਲਸ 'ਤੇ ਗੋਲੀਆਂ ਚਲਾਉਣ ਲੱਗਾ। ਆਤਮਰੱਖਿਆ 'ਚ ਪੁਲਸ ਨੇ ਜਵਾਬੀ ਗੋਲੀਬਾਰੀ ਕੀਤੀ, ਜਿਸ 'ਚ ਦੋਸ਼ੀ ਜ਼ਖ਼ਮੀ ਹੋ ਗਿਆ। ਮੁਕਾਬਲੇ 'ਚ ਜ਼ਖ਼ਮੀ ਹੋਏ ਹੈੱਡ ਕਾਂਸਟੇਬਲ ਅਮਿਤ ਅਤੇ ਇਕਬਾਲ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ। ਸ਼ਾਲੀਮਾਰ ਗਾਰਡਨ ਦੇ ਸਹਾਇਕ ਪੁਲਸ ਕਮਿਸ਼ਨਰ (ਏਸੀਪੀ) ਅਤੁਲ ਕੁਮਾਰ ਨੇ ਦੱਸਿਆ ਕਿ ਦੋਸ਼ੀ ਜਵਾਬੀ ਗੋਲੀਬਾਰੀ 'ਚ ਮਾਰਿਆ ਗਿਆ। ਪੁਲਸ ਨੇ ਉਸ ਦੇ ਕਬਜ਼ੇ 'ਚੋਂ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
