ਚਨਾਬ ’ਚ ਸਮਾਈ SUV, ਅੱਧਾ ਦਰਜਨ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
Saturday, Mar 07, 2020 - 01:00 AM (IST)
ਊਧਮਪੁਰ (ਸੌਰਭ) – ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਰਾਮਬਨ ਜ਼ਿਲੇ ਵਿਚ ਇਕ ਐੱਸ. ਯੂ. ਵੀ. ਗੱਡੀ 500 ਫੁੱਟ ਡੂੰਘੀ ਖੱਡ ਵਿਚ ਿਡਗਦੀ ਹੋਈ ਚਨਾਬ ਦਰਿਆ ਵਿਚ ਸਮਾ ਗਈ, ਜਿਸ ਵਿਚ ਲਗਭਗ 6 ਤੋਂ 7 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਫਿਲਹਾਲ ਖਬਰ ਲਿਖੇ ਜਾਣ ਤੱਕ ਪੁਲਸ ਨੂੰ ਇਕ ਹੀ ਲਾਸ਼ ਬਰਾਮਦ ਹੋ ਸਕੀ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਲਗਭਗ 7 ਵਜੇ ਸ਼੍ਰੀਨਗਰ ਤੋਂ ਜੰਮੂ ਵਲ ਆ ਰਹੀ ਐੱਸ. ਯੂ. ਵੀ. (ਜੇ. ਕੇ. 03, ਬੀ 9133) ਰਾਮਬਨ ਜ਼ਿਲੇ ਦੇ ਕੈਫੇਟੇਰੀਆ ਮੋੜ ’ਤੇ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋਣ ਕਾਰਣ 500 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ ਅਤੇ ਚਨਾਬ ਵਿਚ ਸਮਾ ਗਈ। ਇਸ ਸਬੰਧੀ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਰਾਹਤ ਕੰਮ ਸ਼ੁਰੂ ਕਰ ਦਿੱਤਾ ਪਰ ਬਾਰਿਸ਼ ਅਤੇ ਪਾਣੀ ਦੇ ਤੇਜ਼ ਵਹਾਅ ਕਾਰਣ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਫੌਜ, ਪੁਲਸ ਅਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਨੇ ਸਾਂਝਾ ਆਪ੍ਰੇਸ਼ਨ ਚਲਾਇਆ ਪਰ ਮੁਸ਼ੱਕਤ ਤੋਂ ਬਾਅਦ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋ ਸਕੀ, ਜਿਸ ਦੀ ਪਛਾਣ ਅਨੰਤਨਾਗ ਵਾਸੀ ਮੁਜ਼ੱਫਰ ਅਹਿਮਦ ਦੇ ਰੂਪ ਵਿਚ ਕੀਤੀ ਗਈ। ਰਾਹਤ ਕਰਮਚਾਰੀਆਂ ਨੂੰ ਮੌਕੇ ਤੋਂ ਕੁਝ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਵਾਹਨ ਦੀ ਤਲਾਸ਼ ਲਈ ਫੌਜ ਦੀ ਵੀ ਮਦਦ ਲਈ ਗਈ ਹੈ।