ਹਾਦਸੇ ''ਚ ਟੁੱਟਿਆ ਪੈਰ, ਵਿਦਿਆਰਥੀ ਨੇ ਲੇਟ ਕੇ ਦਿੱਤੀ ਪ੍ਰੀਖਿਆ

Saturday, Mar 24, 2018 - 03:15 PM (IST)

ਬੈਂਗਲੁਰੂ— ਕਰਨਾਟਕ ਦੇ ਮਠਿਕੇਰੇ ਵਾਸੀ ਰੂਮਨ ਸ਼ਰੀਫ ਨੇ ਹਾਦਸੇ 'ਚ ਪੈਰ ਟੁੱਟਣ ਦੇ ਬਾਵਜੂਦ ਪ੍ਰੀਖਿਆ ਦੇ ਕੇ ਉਦਾਹਰਣ ਪੇਸ਼ ਕੀਤਾ ਹੈ। 28 ਫਰਵਰੀ ਨੂੰ ਇਕ ਰੋਡ ਹਾਦਸੇ 'ਚ ਰੂਮਨ ਦੇ ਪੈਰ 'ਚ ਫਰੈਕਚਰ ਹੋ ਗਿਆ ਸੀ ਅਤੇ ਰੀੜ੍ਹ ਦੀ ਹੱਡੀ 'ਚ ਸੱਟਾਂ ਲੱਗੀਆਂ, ਜਿਸ ਕਾਰਨ ਉਹ ਬੈਠ ਵੀ ਨਹੀਂ ਪਾ ਰਿਹਾ ਸੀ। ਉਸ ਦੇ ਮਾਤਾ-ਪਿਤਾ ਨੇ ਕਰਨਾਟਕ ਸੈਕੰਡਰੀ ਐਜ਼ੂਕੇਸ਼ਨ ਐਂਡ ਐਗਜ਼ਾਮੀਨੇਸ਼ਨ ਬੋਰਡ (ਕੇ.ਐੱਸ.ਈ.ਈ.ਬੀ.) ਨੂੰ ਅਪੀਲ ਕੀਤੀ ਅਤੇ ਬੋਰਡ ਨੇ ਉਨ੍ਹਾਂ ਦੀ ਮੰਗ ਮੰਨ ਲਈ।
ਰੂਮਨ ਨੇ ਬੈਂਚ 'ਤੇ ਲੇਟ ਕੇ ਹੀ ਤਿੰਨ ਘੰਟੇ ਦੇ ਸਮੇਂ 'ਚ ਸਾਰੇ ਪ੍ਰਸ਼ਨ ਹੱਲ ਕਰ ਲਏ। ਰੂਮਨ ਐੱਮ.ਈ.ਐੱਸ. ਕਿਸ਼ੋਰ ਕੇਂਦਰ, ਮਲੇਸ਼ਵਰਮ ਦਾ ਵਿਦਿਆਰਥੀ ਹੈ। ਸੋਮਵਾਰ ਨੂੰ ਉਸ ਦਾ ਅੰਗਰੇਜ਼ੀ ਦਾ ਪੇਪਰ ਸੀ। ਰੂਮਨ ਨੂੰ ਪ੍ਰੀਖਿਆ ਹਾਲ ਤੱਕ ਉਸ ਦੇ ਪਰਿਵਾਰ ਵਾਲੇ ਗੋਦ 'ਚ ਚੁੱਕ ਕੇ ਲੈ ਗਏ। ਜਦੋਂ ਰੂਮਨ ਦੀ ਪ੍ਰੀਖਿਆ ਖਤਮ ਹੋਈ ਤਾਂ ਉਸ ਦੀ ਮਾਂ ਦੀਆਂ ਅੱਖਾਂ 'ਚ ਹੰਝੂ ਸਨ। ਉਨ੍ਹਾਂ ਨੇ ਕਿਹਾ,''ਅਸੀਂ ਤਾਂ ਪੂਰੀ ਆਸ ਛੱਡ ਦਿੱਤੀ ਸੀ ਕਿ ਸਾਡਾ ਬੇਟਾ ਪ੍ਰੀਖਿਆ ਦੇ ਵੀ ਸਕੇਗਾ ਪਰ ਅਧਿਕਾਰੀਆਂ ਨੇ ਮਾਨਵਤਾ ਦਿਖਾਈ ਅਤੇ ਵਿਸ਼ੇਸ਼ ਇੰਤਜ਼ਾਮ ਕੀਤੇ।'' ਬੋਰਡ ਦੀ ਡਾਇਰੈਕਟਰ ਵੀ. ਸੁਮੰਗਲਾ ਅਨੁਸਾਰ ਸੋਮਵਾਰ ਨੂੰ ਕਰਨਾਟਕ ਦੇ 2,817 ਕੇਂਦਰਾਂ 'ਤੇ ਪਹਿਲੀ ਪ੍ਰੀਖਿਆ ਆਯੋਜਿਤ ਕੀਤੀ ਗਈ। ਪਹਿਲੇ ਦਿਨ ਪੇਪਰ ਲੀਕ, ਹਾਲ ਟਿਕਟ ਨਾ ਦਿੱਤੇ ਜਾਣ, ਆਖਰੀ ਸਮੇਂ 'ਚ ਪ੍ਰੀਖਿਆ ਕੇਂਦਰ ਬਦਲੇ ਜਾਣ ਵਰਗੀਆਂ ਕਈ ਸ਼ਿਕਾਇਤਾਂ ਵੀ ਬੋਰਡ ਕੋਲ ਆਈਆਂ। ਬੋਰਡ ਅਨੁਸਾਰ, ਕੁਝ ਚੀਜ਼ਾਂ ਨੂੰ ਛੱਡ ਕੇ ਪਹਿਲੇ ਦਿਨ ਦੀ ਪ੍ਰੀਖਿਆ ਆਸਾਨੀ ਨਾਲ ਨਿਪਟ ਗਈ।


Related News