ਹਾਦਸੇ ''ਚ ਗੁਆਇਆ ਸੀ ਪੈਰ, ਹੁਣ ਮਿਲੇਗਾ 48.68 ਲੱਖ ਦਾ ਮੁਆਵਜ਼ਾ; ਟ੍ਰਿਬਿਊਨਲ ਨੇ ਸੁਣਾਇਆ ਅਹਿਮ ਫੈਸਲਾ
Friday, Jan 16, 2026 - 04:05 PM (IST)
ਨਵੀਂ ਦਿੱਲੀ- ਦਿੱਲੀ ਦੀ ਇਕ ਮੋਟਰ ਦੁਰਘਟਨਾ ਦਾਅਵਾ ਟ੍ਰਿਬਿਊਨਲ ਨੇ ਜੁਲਾਈ 2024 'ਚ ਇਕ ਸਰਕਾਰੀ ਟੈਂਪੋ ਦੀ ਲਪੇਟ 'ਚ ਆਉਣ ਕਾਰਨ 60 ਫੀਸਦੀ ਸਥਾਈ ਅੰਗਹੀਣਤਾ ਦਾ ਸ਼ਿਕਾਰ ਹੋਈ ਇਕ ਮਹਿਲਾ ਨੂੰ ਮੁਆਵਜ਼ੇ ਵਜੋਂ 48.68 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਟ੍ਰਿਬਿਊਨਲ ਹੈੱਡ (ਪ੍ਰਧਾਨ) ਚਾਰੂ ਗੁਪਤਾ ਨੇ ਉਸ ਮਹਿਲਾ ਦੀ ਦਾਅਵਾ ਪਟੀਸ਼ਨ 'ਤੇ ਸੁਣਵਾਈ ਕੀਤੀ, ਜਿਸ ਦਾ ਹਾਦਸੇ ਕਾਰਨ ਪੈਰ ਕੱਟਣਾ ਪਿਆ ਸੀ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ, 2 ਜੁਲਾਈ 2024 ਨੂੰ ਸਰਸਵਤੀ ਨਾਮ ਦੀ ਮਹਿਲਾ ਕਾਲਕਾਜੀ ਮੰਦਰ ਤੋਂ ਨਹਿਰੂ ਪਲੇਸ ਫਲਾਈਓਵਰ ਵੱਲ ਬੱਸ ਫੜਨ ਜਾ ਰਹੀ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਗ੍ਰਾਮੀਣ ਸੇਵਾ ਟੈਂਪੋ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਏਮਜ਼ (AIIMS) ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਸਰਜਰੀ ਰਾਹੀਂ ਉਸ ਦਾ ਖੱਬਾ ਪੈਰ ਕੱਟਣਾ ਪਿਆ।
ਬੀਮਾ ਕੰਪਨੀ ਦੀ ਪੇਸ਼ਕਸ਼ ਰੱਦ
ਵਾਹਨ ਦੀ ਬੀਮਾ ਕੰਪਨੀ ਨੇ ਪਹਿਲਾਂ 18.52 ਲੱਖ ਰੁਪਏ ਦੇ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਸੀ, ਪਰ ਟ੍ਰਿਬਿਊਨਲ ਨੇ ਇਸ ਨੂੰ "ਗੈਰ-ਵਾਜਬ ਅਤੇ ਅਵਿਵਹਾਰਕ" ਦੱਸਦਿਆਂ ਰੱਦ ਕਰ ਦਿੱਤਾ। ਅਦਾਲਤ ਨੇ ਨੋਟ ਕੀਤਾ ਕਿ ਬੀਮਾ ਕੰਪਨੀ ਨੇ ਆਪਣੀ ਜ਼ਿੰਮੇਵਾਰੀ ਸਵੀਕਾਰ ਕਰ ਲਈ ਸੀ ਕਿਉਂਕਿ ਉਨ੍ਹਾਂ ਨੇ ਕੋਈ ਕਾਨੂੰਨੀ ਬਚਾਅ ਜਾਂ ਸਬੂਤ ਪੇਸ਼ ਨਹੀਂ ਕੀਤਾ ਸੀ।
ਅਦਾਲਤ ਦਾ ਫੈਸਲਾ ਅਤੇ ਮੁਆਵਜ਼ੇ ਦੀ ਗਣਨਾ
ਟ੍ਰਿਬਿਊਨਲ ਨੇ 6 ਜਨਵਰੀ ਨੂੰ ਦਿੱਤੇ ਆਪਣੇ ਫੈਸਲੇ 'ਚ ਕਿਹਾ ਕਿ ਮੁਆਵਜ਼ੇ ਦੀ ਰਕਮ 'ਚ ਮੁੱਖ ਅੰਤਰ ਭਵਿੱਖ 'ਚ ਲਗਾਏ ਜਾਣ ਵਾਲੇ ਨਕਲੀ ਅੰਗ (Artificial Limb) ਦੇ ਖਰਚੇ ਕਾਰਨ ਹੈ। ਹਾਦਸੇ ਦੇ ਸਮੇਂ ਮਹਿਲਾ ਦੀ ਉਮਰ 48 ਸਾਲ ਸੀ ਅਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਕੁਸ਼ਲ ਮਜ਼ਦੂਰਾਂ ਲਈ ਘੱਟੋ-ਘੱਟ ਮਜ਼ਦੂਰੀ ਕਮਾ ਰਹੀ ਸੀ। 60 ਫੀਸਦੀ ਸਰੀਰਕ ਅੰਗਹੀਣਤਾ ਨੂੰ ਧਿਆਨ 'ਚ ਰੱਖਦੇ ਹੋਏ, ਟ੍ਰਿਬਿਊਨਲ ਨੇ ਵੱਖ-ਵੱਖ ਗੱਲਾਂ ਤਹਿਤ ਕੁੱਲ 48.68 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ, ਜਿਸ 'ਚ ਭਵਿੱਖ ਦੀ ਆਮਦਨ ਦੇ ਨੁਕਸਾਨ ਲਈ 23.47 ਲੱਖ ਰੁਪਏ ਸ਼ਾਮਲ ਹਨ। ਟ੍ਰਿਬਿਊਨਲ ਨੇ ਬਜਾਜ ਅਲਾਇੰਜ਼ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਇਹ ਰਾਸ਼ੀ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
