ਹੁਣ 24 ਹਫਤਿਆਂ ਤਕ ਹੋ ਸਕੇਗਾ ਗਰਭਪਾਤ, ਮੋਦੀ ਕੈਬਨਿਟ ਨੇ ਸੋਧ ਬਿੱਲ ਨੂੰ ਦਿੱਤੀ ਮਨਜ਼ੂਰੀ

01/29/2020 3:39:17 PM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਕੈਬਨਿਟ ਨੇ ਗਰਭਪਾਤ ਸੋਧ ਬਿੱਲ 2020 ਨੂੰ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ 'ਚ ਗਰਭਪਾਤ ਕਰਾਉਣ ਦੀ ਸਮੇਂ ਹੱਦ ਨੂੰ 20 ਹਫਤਿਆਂ ਤੋਂ ਵਧਾ ਕੇ 24 ਹਫਤੇ ਕਰਨ ਦੀ ਵਿਵਸਥਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਬੈਠਕ 'ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਇਸ ਪ੍ਰਸਤਾਵ ਤਹਿਤ ਗਰਭਪਾਤ ਐਕਟ (ਮੈਡੀਕਲ ਟਰਮੀਨੇਸ਼ਨ ਆਫ ਪ੍ਰੈੱਗਨੈਂਸੀ ਐਕਟ) 1971 'ਚ ਸੋਧ ਕੀਤੀ ਜਾਵੇਗੀ। ਇਸ ਲਈ ਸੰਸਦ ਦੇ ਆਉਣ ਵਾਲੇ ਸੈਸ਼ਨ 'ਚ ਬਿੱਲ ਨੂੰ ਲਿਆਂਦਾ ਜਾਵੇਗਾ। 

ਬੈਠਕ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਰਭਪਾਤ ਦਾ ਸਮਾਂ ਵਧਾਉਣ ਦੀ ਮੰਗ ਔਰਤਾਂ ਵਲੋਂ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਡਾਕਟਰਾਂ ਦੀ ਸਿਫਾਰਸ਼ ਅਤੇ ਕੋਰਟ ਵਲੋਂ ਇਸ ਸਬੰਧ 'ਚ ਬੇਨਤੀ ਕੀਤੀ ਗਈ ਸੀ। ਇਨ੍ਹਾਂ ਸਾਰਿਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਕੈਬਨਿਟ ਨੇ ਗਰਭਪਾਤ ਕਰਾਉਣ ਦੀ ਆਗਿਆ ਲਈ ਸਮੇਂ ਹੱਦ 20 ਹਫਤਿਆਂ ਤੋਂ ਵਧਾ ਕੇ 24 ਹਫਤੇ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਪਹਿਲਾਂ ਗਰਭਪਾਤ ਦਾ ਸਮਾਂ 20 ਹਫਤੇ ਸੀ। ਉਨ੍ਹਾਂ ਨੇ ਦੱਸਿਆ ਕਿ 20 ਹਫਤਿਆਂ ਦੇ ਅੰਦਰ ਗਰਭਪਾਤ ਕਰਾਉਣ 'ਤੇ ਮਾਂ ਦੀ ਜਾਨ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ, 24 ਹਫਤੇ 'ਚ ਗਰਭਪਾਤ ਕਰਾਉਣਾ ਸੁਰੱਖਿਅਤ ਹੋਵੇਗਾ। ਜਾਵਡੇਕਰ ਨੇ ਗਰਭਪਾਤ ਕਰਾਉਣ ਦੀ ਸਮੇਂ ਹੱਦ 24 ਹਫਤੇ ਕਰਨ ਕੈਬਨਿਟ ਦੇ ਫੈਸਲੇ 'ਤੇ ਕਿਹਾ ਕਿ ਇਸ ਕਦਮ ਨਾਲ ਬਲਾਤਕਾਰ ਪੀੜਤਾਂ ਅਤੇ ਨਾਬਾਲਗਾਂ ਨੂੰ ਮਦਦ ਮਿਲੇਗੀ। ਬਿੱਲ 'ਚ ਸਰਕਾਰੀ ਡਾਕਟਰਾਂ ਦੀ ਸਿਫਾਰਸ਼ 'ਤੇ ਗਰਭਪਾਤ 24 ਹਫਤਿਆਂ ਤਕ ਕਰਾਉਣ ਦੀ ਵਿਵਸਥਾ ਹੋਵੇਗੀ। ਸਾਲ 2014 ਤੋਂ ਸਰਕਾਰ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪੱਖਾਂ ਨਾਲ ਸਲਾਹ-ਮਸ਼ਵਰਾ ਕਰ ਰਹੀ ਸੀ।


Tanu

Content Editor

Related News