ਸੁਪ੍ਰਿਯਾ ਸੁਲੇ ’ਤੇ ਟਿੱਪਣੀ ਤੋਂ ਰਾਕਾਂਪਾ ਵਰਕਰ ਨਾਰਾਜ਼, ਮਹਾਰਾਸ਼ਟਰ ਦੇ ਖੇਤੀਬਾੜੀ ਮੰਤਰੀ ਅਬਦੁੱਲ ਸੱਤਾਰ ਦੇ ਘਰ ਤੋੜਭੰਨ
Tuesday, Nov 08, 2022 - 12:13 PM (IST)

ਮੁੰਬਈ– ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਵਿਚ ਖੇਤੀਬਾੜੀ ਮੰਤਰੀ ਅਬਦੁੱਲ ਸੱਤਾਰ ਦੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਸੰਸਦ ਮੈਂਬਰ ਸੁਪ੍ਰਿਯਾ ਸੁਲੇ ਨੂੰ ਲੈ ਕੇ ਦਿੱਤੇ ਬਿਆਨ ’ਤੇ ਸਿਆਸਤ ਭਖ ਗਈ ਹੈ। ਰਾਕਾਂਪਾ ਨੇ ਅਬਦੁੱਲ ਸੱਤਾਰ ਦੇ ਬਿਆਨ ਦਾ ਵਿਰੋਧ ਕੀਤਾ ਹੈ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਉਥੇ ਹੀ ਰਾਕਾਂਪਾ ਦੇ ਵਰਕਰਾਂ ਨੇ ਅਬਦੁੱਲ ਸੱਤਾਰ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਰਕਰਾਂ ਨੇ ਮੰਤਰੀ ਦੇ ਘਰ ਤੋੜਭੰਨ ਵੀ ਕੀਤੀ ਅਤੇ ਪਥਰਾਅ ਕੀਤਾ। ਓਧਰ, ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਸੱਤਾਰ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਟਿੱਪਣੀ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਉਨ੍ਹਾਂ ਨੂੰ ਖੇਦ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਸੁਲੇ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ ਸੀ।
ਦਰਅਸਲ ਅਬਦੁੱਲ ਸੱਤਾਰ, ਸੂਬੇ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੋਂ ਹਨ। ਮੰਤਰੀ ਨੇ ਕਿਹਾ ਕਿ ਉਨ੍ਹਾਂ ਔਰਤਾਂ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ ਸੀ। ਔਰੰਗਾਬਾਦ ਜ਼ਿਲਾ ਸਥਿਤ ਸਿੱਲੋਦ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰ ਰਹੇ ਸੱਤਾਰ ਨੇ ਸੁਪ੍ਰਿਯਾ ਸੁਲੇ ਦਾ ਜ਼ਿਕਰ ਕਰਦੇ ਹੋਏ ਕਥਿਤ ਤੌਰ ’ਤੇ ਇਕ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕੀਤੀ ਸੀ। ਓਧਰ, ਰਾਕਾਂਪਾ ਨੇਤਾ ਵਿਦਿਆ ਚਵਾਨ ਨੇ ਸੱਤਾਰ ਦੇ ਅਸਤੀਫੇ ਦੀ ਮੰਗ ਕੀਤੀ। ਰਾਕਾਂਪਾ ਦੇ ਇਕ ਹੋਰ ਨੇਤਾ ਏਕਨਾਥ ਖਡਸੇ ਨੇ ਵੀ ਸੱਤਾਰ ਦੀ ਕਥਿਤ ਟਿੱਪਣੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਨੂੰ ਖੇਤੀਬਾੜੀ ਮੰਤਰੀ ਨੂੰ ਕੁਝ ਸ਼ਿਸ਼ਟਾਚਾਰ ਸਿਖਾਉਣਾ ਚਾਹੀਦਾ ਹੈ।