ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੇ ਘਰ ''ਤੇ ਪ੍ਰਦਰਸ਼ਨ ਕਰੇਗੀ ''ਆਪ''
Wednesday, Apr 13, 2022 - 03:41 PM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦਿੱਲੀ ਜਲ ਬੋਰਡ ਦੇ ਸੋਨੀਆ ਵਿਹਾਰ ਭੂਮੀਗਤ ਸਰੋਵਰ (ਯੂ.ਜੀ.ਆਰ.) 'ਚ ਭਾਜਪਾ ਨੇਤਾਵਾਂ ਵਲੋਂ ਭੰਨ-ਤੋੜ ਕਰਨ ਖ਼ਿਲਾਫ਼ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਦੇ ਘਰ ਬੁੱਧਵਾਰ ਨੂੰ ਪ੍ਰਦਰਸ਼ਨ ਕਰੇਗੀ। ਦਿੱਲੀ ਦੇ ਜਲ ਮੰਤਰੀ ਸਤੇਂਦਰ ਜੈਨ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਸੀ ਕਿ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਕਰੀਬ 300-400 ਲੋਕਾਂ ਨਾਲ ਦਿੱਲੀ ਜਲ ਬੋਰਡ ਦੇ ਸੋਨੀਆ ਵਿਹਾਰ ਯੂ.ਜੀ.ਆਰ. 'ਚ ਜ਼ਬਰਨ ਆ ਗਏ ਅਤੇ ਉੱਥੇ ਹੰਗਾਮਾ ਕੀਤਾ।
ਹਾਲਾਂਕਿ ਭਾਜਪਾ ਨੇਤਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਇਸ ਨੂੰ 'ਫਰਜ਼ੀ ਖ਼ਬਰ' ਕਰਾਰ ਦਿੱਤਾ। 'ਆਪ' ਨੇ ਇਕ ਬਿਆਨ 'ਚ ਕਿਹਾ,''ਸੋਨੀਆ ਵਿਹਾਰ ਭੂਮੀਗਤ ਸਰੋਵਰ (ਯੂ.ਜੀ.ਆਰ.) 'ਚ ਭੰਨ-ਤੋੜ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਅੱਜ ਯਾਨੀ ਬੁੱਧਵਾਰ ਸ਼ਾਮ 4 ਵਜੇ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਦੇ ਘਰ ਦਾ ਘਿਰਾਅ ਕਰੇਗੀ।'' ਜੈਨ ਨੇ 2 ਮਾਰਚ ਨੂੰ 2.68 ਕਰੋੜ ਲੀਟਰ ਸਮਰੱਥਾ ਵਾਲੇ ਸੋਨੀਆ ਵਿਹਾਰ ਯੂ.ਜੀ.ਆਰ. ਦਾ ਉਦਘਾਟਨ ਕੀਤਾ ਸੀ। ਯੂ.ਜੀ.ਆਰ. ਨੇ ਉੱਤਰ ਪੂਰਬੀ ਦਿੱਲੀ ਦੇ ਕਰਾਵਲ ਨਗਰ ਅਤੇ ਮੁਸਤਫਾਬਾਦ ਵਿਧਾਨ ਸਭਾ ਖੇਤਰ 'ਚ ਪਾਣੀ ਦੀ ਸਪਲਾਈ 'ਚ ਵਾਧਾ ਕੀਤਾ ਹੈ, ਜਿਸ ਨਾਲ ਸ਼ਿਵ ਵਿਹਾਰ, ਅੰਕੁਰ ਐਨਕਲੇਵ, ਮਹਾਲਕਸ਼ਮੀ ਐਨਕਲੇਵ, ਅੰਬਿਕਾ ਵਿਹਾਰ, ਜੌਹਰੀਪੁਰ, ਦਿਆਲਪੁਰ ਅਤੇ ਸਾਦਾਤਪੁਰ ਵਰਗੀ ਅਣਅਧਿਕਾਰਤ ਕਾਲੋਨੀਆਂ ਦੇ ਲਗਭਗ 6 ਲੱਖ ਵਾਸੀਆਂ ਦਾ ਲਾਭ ਹੋ ਰਿਹਾ ਹੈ।