ਗੁਜਰਾਤ ਪਹੁੰਚੇ ਕੇਜਰੀਵਾਲ ਦਾ ਐਲਾਨ- 2022 ਵਿਧਾਨ ਸਭਾ ਚੋਣਾਂ 'ਚ ਸਾਰੀਆਂ ਸੀਟਾਂ 'ਤੇ ਲੜੇਗੀ 'ਆਪ'

Monday, Jun 14, 2021 - 02:38 PM (IST)

ਗੁਜਰਾਤ ਪਹੁੰਚੇ ਕੇਜਰੀਵਾਲ ਦਾ ਐਲਾਨ- 2022 ਵਿਧਾਨ ਸਭਾ ਚੋਣਾਂ 'ਚ ਸਾਰੀਆਂ ਸੀਟਾਂ 'ਤੇ ਲੜੇਗੀ 'ਆਪ'

ਅਹਿਮਦਾਬਾਦ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ 'ਚ ਸ਼ਾਸਨ ਦਾ ਇਕ ਵੱਖਰਾ ਅਤੇ ਨਵਾਂ ਮਾਡਲ ਦੇਣ ਦਾ ਦਾਅਵਾ ਕਰਦੇ ਹੋਏ ਸੋਮਵਾਰ ਨੂੰ ਰਾਜ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਸਾਰੀਆਂ 182 ਸੀਟਾਂ 'ਤੇ ਉਮੀਦਵਾਰ ਉਤਾਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਗ੍ਰਹਿ ਰਾਜ ਦੇ ਇਕ ਦਿਨਾ ਦੌਰੇ 'ਤੇ ਆਏ ਕੇਜਰੀਵਾਲ ਨੇ ਇੱਥੇ ਨਵਰੰਗਪੁਰਾ 'ਚ ਪਾਰਟੀ ਦੇ ਰਾਜ ਹੈੱਡ ਕੁਆਰਟਰ ਦਾ ਉਦਘਾਟਨ ਵੀ ਕੀਤਾ। ਕੇਜਰੀਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਜਰਾਤ 'ਚ ਉਨ੍ਹਾਂ ਦੀ ਪਾਰਟੀ ਜਿੱਤਣ 'ਤੇ ਸ਼ਾਸਨ ਦਾ ਇਕ ਨਵਾਂ ਮਾਡਲ ਪੇਸ਼ ਕਰੇਗੀ। ਗੁਜਰਾਤ ਦਾ ਉਹ ਮਾਡਲ ਦਿੱਲੀ ਦੇ ਮਾਡਲ ਤੋਂ ਵੱਖਰਾ ਹੋਵੇਗਾ। ਪਾਰਟੀ ਗੁਜਰਾਤ 'ਚ ਇੱਥੇ ਦੇ ਲੋਕਾਂ ਦੇ ਮੁੱਦਿਆਂ ਨੂੰ ਉਠਾਏਗੀ ਅਤੇ ਇਨ੍ਹਾਂ 'ਤੇ 2022 ਯਾਨੀ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਵੀ ਸੋਚਦੇ ਹਨ ਕਿ ਜੇਕਰ ਦਿੱਲੀ 'ਚ ਬਿਜਲੀ ਮੁਫ਼ਤ ਮਿਲ ਸਕਦੀ ਹੈ ਤਾਂ ਇੱਥੇ ਕਿਉਂ ਨਹੀਂ। ਗੁਜਰਾਤ 'ਚ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਵੀ ਖ਼ਰਾਬ ਹੈ ਪਰ ਆਉਣ ਵਾਲੇ ਸਮੇਂ 'ਚ ਇਹ ਸਥਿਤੀ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਬਦਹਾਲੀ ਲਈ ਭਾਜਪਾ ਅਤੇ ਕਾਂਗਰਸ ਦੋਵੇਂ ਜ਼ਿੰਮੇਵਾਰ ਹਨ। ਪਿਛਲੇ 27 ਸਾਲਾਂ ਤੋਂ ਸੂਬੇ 'ਚ ਭਾਜਪਾ ਦੀ ਸਰਕਾਰ ਹੈ ਅਤੇ ਇਸ ਦੌਰਾਨ ਕਾਂਗਰਸ ਨਾਲ ਵੀ ਉਸ ਦੀ ਦੋਸਤੀ ਹੀ ਰਹੀ ਹੈ। ਅਜਿਹਾ ਹੀ ਕਿਹਾ ਜਾਂਦਾ ਹੈ ਕਿ ਕਾਂਗਰਸ ਭਾਜਪਾ ਦੀ ਜੇਬ 'ਚ ਹੈ। ਭਾਜਪਾ ਜਿਵੇਂ ਚਾਹੁੰਦੀ ਹੈ, ਕਾਂਗਰਸ ਉਸੇ ਤਰ੍ਹਾਂ ਹੀ ਕਰਦੀ ਹੈ। ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਕੋਰੋਨਾ ਕਾਲ 'ਚ ਪਿਛਲੇ ਇਕ ਸਾਲ 'ਚ ਤਾਂ ਗੁਜਰਾਤ ਨੂੰ ਇਸ ਤਰ੍ਹਾਂ ਅਨਾਥ ਛੱਡ ਦਿੱਤਾ ਗਿਆ ਸੀ। ਇਸ ਦੌਰਾਨ ਗੁਜਰਾਤੀਆਂ ਦੀ ਸੁਧ ਲੈਣ ਵਾਲਾ ਕੋਈ ਨਹੀਂ ਸੀ। ਦੱਸਣਯੋਗ ਹੈ ਕਿ ਗੁਜਰਾਤ 'ਚ ਆਪ ਦਾ ਹਾਲੇ ਤੱਕ ਕੋਈ ਸੰਸਦ ਮੈਂਬਰ ਅਤੇ ਵਿਧਾਇਕ ਨਹੀਂ ਹੈ।


author

DIsha

Content Editor

Related News