ਬੰਗਲਾ ਵਿਵਾਦ: ‘ਆਪ’ ਨੇ ਡੱਬਿਆਂ ਵਿਚਾਲੇ ਕੰਮ ਕਰਦੀ ਆਤਿਸ਼ੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

Friday, Oct 11, 2024 - 10:24 AM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ ‘ਆਪ’ ਨੇ ਵੀਰਵਾਰ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਦਾਅਵਾ ਕੀਤਾ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਆਪਣੇ ਕਾਲਕਾਜੀ ਸਥਿਤ ਨਿਵਾਸ ਵਿਖੇ ਸਾਮਾਨ ਦੇ ਡੱਬਿਆਂ ਦਰਮਿਆਨ ਫਾਈਲਾਂ ’ਤੇ ਹਸਤਾਖਰ ਕਰ ਰਹੀ ਹੈ। ਇਸ ਤੋਂ ਇਕ ਦਿਨ ਪਹਿਲਾਂ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਕੋਲੋਂ ਰਾਸ਼ਟਰੀ ਰਾਜਧਾਨੀ ਦੇ 6, ਫਲੈਗ ਸਟਾਫ ਰੋਡ ’ਤੇ ਸਥਿਤ ਬੰਗਲਾ ਜਬਰੀ ਖਾਲੀ' ਕਰਵਾਇਆ ਗਿਆ ਸੀ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਤਸਵੀਰਾਂ ਪੋਸਟ ਕਰਦੇ ਹੋਏ ‘ਆਪ’ ਦੇ ਨੇਤਾ ਸੰਜੇ ਸਿੰਘ ਨੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇੰਝ ਕਰਨ ਨਾਲ ਦਿੱਲੀ ਦੇ ਲੋਕਾਂ ਲਈ ਕੰਮ ਕਰਨ ਦੇ ਆਤਿਸ਼ੀ ਦੇ ਜਨੂੰਨ ਨੂੰ ਰੋਕਿਆ ਨਹੀਂ ਜਾ ਸਕਦਾ।

ਉਨ੍ਹਾਂ ਭਾਜਪਾ ’ਤੇ ਨਰਾਤਿਆਂ ਦੌਰਾਨ ਇਕ ਮਹਿਲਾ ਮੁੱਖ ਮੰਤਰੀ ਦੇ ਘਰ ਦਾ ਸਮਾਨ ਬਾਹਰ ਸੁੱਟਣ ਦਾ ਦੋਸ਼ ਵੀ ਲਾਇਆ। ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਭਾਜਪਾ ’ਤੇ 'ਮੁੱਖ ਮੰਤਰੀ ਦੀ ਰਿਹਾਇਸ਼' ’ਤੇ ‘ਜ਼ਬਰਦਸਤੀ ਕਬਜ਼ਾ’ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਫਲੈਗ ਸਟਾਫ ਰੋਡ ’ਤੇ ਬਣੇ ਬੰਗਲੇ ਨੂੰ ਲੈ ਕੇ ‘ਆਪ’, ਭਾਜਪਾ, ਮੁੱਖ ਮੰਤਰੀ ਦਫ਼ਤਰ (ਸੀ. ਐੱਮ. ਓ.) ਤੇ ਉਪ ਰਾਜਪਾਲ ਦੇ ਦਫ਼ਤਰ ਵਿਚਾਲੇ ਦੋਸ਼ਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ।

‘ਆਪ’ ਨੇ ਦਾਅਵਾ ਕੀਤਾ ਕਿ ਇਹ ਬੰਗਲਾ ਮੁੱਖ ਮੰਤਰੀ ਦੀ ਰਿਹਾਇਸ਼ ਹੈ, ਜਿਸ ਨੂੰ ਕੇਜਰੀਵਾਲ ਨੇ ਖਾਲੀ ਕੀਤਾ ਸੀ ਅਤੇ ਬਾਅਦ ’ਚ ਪੀ. ਡਬਲਿਊ. ਡੀ. ਨੂੰ ਸੌਂਪ ਦਿੱਤਾ ਸੀ। ਅਧਿਕਾਰੀਆਂ ਨੇ ਇਸ ਦੀਆਂ ਚਾਬੀਆਂ ਮੁੱਖ ਮੰਤਰੀ ਆਤਿਸ਼ੀ ਨੂੰ ਸੌਂਪ ਦਿੱਤੀਆਂ ਸਨ। ਦੂਜੇ ਪਾਸੇ ਉਪ ਰਾਜਪਾਲ ਦੇ ਦਫ਼ਤਰ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਬੰਗਲਾ ਮੁੱਖ ਮੰਤਰੀ ਦੀ ਨਿਵਾਸ ਸਥਾਨ ਨਹੀਂ ਹੈ । ਇਹ ਅਜੇ ਤੱਕ ਆਤਿਸ਼ੀ ਨੂੰ ਅਲਾਟ ਨਹੀਂ ਕੀਤਾ ਗਿਆ। ਭਾਜਪਾ ਨੇ ‘ਆਪ’ ਅਤੇ ਕੇਜਰੀਵਾਲ ’ਤੇ ਦੋਸ਼ ਲਾਇਆ ਹੈ ਕਿ ਉਹ ਆਤਿਸ਼ੀ ਨੂੰ ਸਹੀ ਸਪੁਰਦਗੀ ਤੇ ਨਵੀਂ ਅਲਾਟਮੈਂਟ ਤੋਂ ਬਿਨਾਂ ਉੱਥੇ ਲਿਆ ਕੇ ਬੰਗਲੇ ’ਤੇ ‘ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ’ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


Tanu

Content Editor

Related News