ਮਨੀਸ਼ ਸਿਸੋਦੀਆ ਦੀ ਪਤਨੀ ਦੀ ਵਿਗੜੀ ਸਿਹਤ, ਨਹੀਂ ਹੋ ਸਕੀ ਮੁਲਾਕਾਤ
Saturday, Jun 03, 2023 - 02:00 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹਾਈ ਕੋਰਟ ਤੋਂ ਅੰਤਰਿਮ ਰਾਹਤ ਮਿਲਣ ਤੋਂ ਬਾਅਦ ਆਪਣੀ ਬੀਮਾਰ ਪਤਨੀ ਨੂੰ ਮਿਲਣ ਲਈ ਸ਼ਨੀਵਾਰ ਨੂੰ ਤਿਹਾੜ ਜੇਲ੍ਹ ਤੋਂ ਆਪਣੇ ਘਰ ਪਹੁੰਚੇ। ਹਾਲਾਂਕਿ ਸਿਸੋਦੀਆ ਦੇ ਘਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਸੀਮਾ ਦੀ ਸਿਹਤ ਵਿਗੜਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ। ਆਮ ਆਦਮੀ ਪਾਰਟੀ (ਆਪ) ਦੇ ਸੂਤਰਾਂ ਨੇ ਦੱਸਿਆ ਕਿ ਸੀਮਾ 'ਮਲਟੀਪਲ ਸਕੇਲੋਰੋਸਿਸ ਨਾਲ ਪੀੜਤ ਹੈ ਅਤੇ ਉਨ੍ਹਾਂ ਨੂੰ ਪਿਛਲੇ ਮਹੀਨੇ ਵੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਪਾਰਟੀ ਸੂਤਰਾਂ ਨੇ ਕਿਹਾ,''ਸੀਮਾ ਨੂੰ ਲੋਕ ਨਾਇਕ ਜੈਪ੍ਰਕਾਸ਼ (ਐੱਲ.ਐੱਨ.ਜੇ.ਪੀ.) ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖ਼ਲ ਕਰਵਾਇਆ ਗਿਆ। ਸਿਸੋਦੀਆ ਜੇਲ੍ਹ ਵਾਹਨ 'ਚ ਸਵੇਰੇ ਲਗਭਗ 9.38 ਵਜੇ ਆਪਣੀ ਬੀਮਾਰ ਪਤਨੀ ਨੂੰ ਮਿਲਣ ਲਈ ਏ.ਬੀ-17 ਮਥੁਰਾ ਰੋਡ ਸਥਿਤ ਘਰ ਪਹੁੰਚੇ। ਉਨ੍ਹਾਂ ਨੂੰ ਸਖ਼ਤ ਸੁਰੱਖਿਆ ਦਰਮਿਆਨ ਘਰ ਦੇ ਅੰਦਰ ਲਿਜਾਇਆ ਗਿਆ।''
ਇਹ ਵੀ ਪੜ੍ਹੋ : ਸਿਸੋਦੀਆ ਨੂੰ ਮਿਲੀ ਰਾਹਤ, ਦਿੱਲੀ ਹਾਈ ਕੋਰਟ ਨੇ ਇਨ੍ਹਾਂ ਸ਼ਰਤਾਂ ਨਾਲ ਦਿੱਤੀ ਇਕ ਦਿਨ ਦੀ ਜ਼ਮਾਨਤ
ਸੂਤਰਾਂ ਨੇ ਕਿਹਾ,''ਪਤਨੀ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ, ਜਿਸ ਕਾਰਨ ਉਹ ਉਨ੍ਹਾਂ ਨੂੰ ਨਹੀਂ ਮਿਲ ਸਕੇ।'' ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਆਬਕਾਰੀ ਨੀਤੀ 'ਚ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ 'ਆਪ' ਨੇਤਾ ਸਿਸੋਦੀਆ ਨੂੰ ਉਨ੍ਹਾਂ ਦੀ ਬੀਮਾਰ ਪਤਨੀ ਨਾਲ ਮਿਲਣ ਦੀ ਮਨਜ਼ੂਰੀ ਦੇ ਦਿੱਤੀ ਸੀ। ਜੱਜ ਦਿਨੇਸ਼ ਕੁਮਾਰ ਸ਼ਰਮਾ ਨੇ ਤਿਹਾੜ ਜੇਲ੍ਹ ਸੁਪਰਡੈਂਟ ਨੂੰ ਸਿਸੋਦੀਆ ਨੂੰ ਉਨ੍ਹਾਂ ਦੇ ਘਰ ਲਿਜਾਣ ਦਾ ਨਿਰਦੇਸ਼ ਦਿੱਤਾ ਸੀ, ਜਿੱਥੇ ਉਨ੍ਹਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀ ਪਤਨੀ ਨੂੰ ਮਿਲਣ ਦੀ ਮਨਜ਼ੂਰੀ ਦਿੱਤੀ ਗਈ। ਨਾਲ ਹੀ ਕੋਰਟ ਨੇ ਉਨ੍ਹਾਂ ਨੂੰ ਮੋਬਾਇਲ ਫੋਨ ਅਤੇ ਇੰਟਰਨੈੱਟ ਤੋਂ ਦੂਰ ਰਹਿਣ ਦੀ ਵੀ ਹਿਦਾਇਤ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ