ਵਿਜ ਨੇ ''ਆਪ'' ''ਤੇ ਕੱਸਿਆ ਤੰਜ਼, ਕਿਹਾ- ''ਆਮ ਆਦਮੀ ਪਾਰਟੀ ਹੁਣ ਜ਼ਮਾਨਤ ਜ਼ਬਤ ਪਾਰਟੀ ਹੋ ਗਈ''
Friday, Jul 19, 2024 - 04:16 PM (IST)
ਅੰਬਾਲਾ- ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ 'ਇੰਡੀਆ ਗਠਜੋੜ' ਨਾਲੋਂ ਨਾਤਾ ਤੋੜ ਲਿਆ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਵੇ 'ਚ ਨਹੀਂ ਆਉਂਦੀ ਸਗੋਂ ਸਿੱਧੇ ਤੌਰ 'ਤੇ ਸਰਕਾਰ ਬਣਾਉਂਦੀ ਹੈ। ਇਸ 'ਤੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ 'ਆਪ' ਪਾਰਟੀ ਹੁਣ ਦੇਸ਼ 'ਚ ਜ਼ਮਾਨਤ ਜ਼ਬਤ ਪਾਰਟੀ ਬਣ ਗਈ ਹੈ। ਲੋਕਾਂ ਨੇ ਉਨ੍ਹਾਂ ਨੂੰ ਦਿੱਲੀ ਤੋਂ ਵੀ ਉਖਾੜ ਦਿੱਤਾ ਹੈ, ਪੰਜਾਬ ਵਿਚ ਵੀ ਉਨ੍ਹਾਂ ਨੂੰ ਮਨ ਮੁਤਾਬਕ ਨਤੀਜੇ ਨਹੀਂ ਮਿਲੇ ਹਨ। ਉਨ੍ਹਾਂ ਨੇ ਹਰਿਆਣਾ ਵਿਚ ਵੀ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ, ਜੋ ਬੁਰੀ ਤਰ੍ਹਾਂ ਹਾਰ ਗਿਆ ।
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਾਂਗਰਸ ਹਰਿਆਣਾ 'ਚ 'ਹਰਿਆਣਾ ਮੰਗੇ ਹਿਸਾਬ' ਮੁਹਿੰਮ ਚਲਾ ਰਹੀ ਹੈ। ਇਸ ਦੌਰਾਨ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਆਪਣੇ ਬਿਆਨ 'ਚ ਕਿਹਾ ਕਿ ਹਰਿਆਣਾ ਸਰਕਾਰ ਘੋਸ਼ਣਾਵੀਰ ਬਣ ਰਹੀ ਹੈ। ਕੰਮ ਚਵੰਨੀ ਦਾ ਅਤੇ ਗਿਣਵਾ ਦਸ ਰਹੀ ਹੈ। ਇਸ ਦਾ ਜਵਾਬ ਦਿੰਦੇ ਹੋਏ ਵਿਜ ਨੇ ਦੀਪੇਂਦਰ ਹੁੱਡਾ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਉਹ ਦੱਸਣ ਕਿ ਕੀ ਸਿਰਫ਼ 25 ਫ਼ੀਸਦੀ ਲੋਕਾਂ ਨੂੰ ਹੀ ਪੈਨਸ਼ਨ ਮਿਲ ਰਹੀ ਹੈ ਜਾਂ 25 ਫ਼ੀਸਦੀ ਤੱਕ ਹੀ ਸਾਰੀਆਂ ਸੇਵਾਵਾਂ ਪਹੁੰਚ ਰਹੀਆਂ ਹਨ। ਵਿਜ ਨੇ ਕਿਹਾ ਕਿ ਭਾਜਪਾ ਦੇ ਰਾਜ 'ਚ ਇਕ-ਇਕ ਪੈਸਾ ਖਾਤੇ ਵਿਚ ਜਾਂਦਾ ਹੈ ਅਤੇ ਕਾਂਗਰਸ ਦੇ ਰਾਜ ਵਿਚ ਇਹ ਉਪਰੋਂ ਜਾਂਦਾ ਸੀ। ਜੇਕਰ 100 ਰੁਪਏ ਮਿਲਦੇ ਸਨ ਤਾਂ ਸਿਰਫ 15 ਰੁਪਏ ਹੇਠਾਂ ਰਹਿ ਜਾਂਦੇ ਸਨ, ਇਹ ਆਜ਼ਾਦੀ ਤੋਂ ਬਾਅਦ ਕਾਂਗਰਸ ਵਲੋਂ ਬਣਾਇਆ ਗਿਆ ਸਿਸਟ ਸੀ। ਜਿਸ ਨੂੰ ਭਾਜਪਾ ਨੇ ਬਦਲ ਦਿੱਤਾ ਸੀ, ਇਸੇ ਗੱਲ ਦੀ ਕਾਂਗਰਸ ਨੂੰ ਤਕਲੀਫ਼ ਹੈ, ਕਿਉਂਕਿ ਉਨ੍ਹਾਂ ਦੀ ਰੋਜ਼ੀ-ਰੋਟੀ ਇਸ 'ਤੇ ਚੱਲਦੀ ਹੈ।