ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ : ''ਆਪ'' ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Tuesday, Sep 20, 2022 - 06:04 PM (IST)

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ : ''ਆਪ'' ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਸ਼ਿਮਲਾ (ਵਾਰਤਾ)- ਆਮ ਆਦਮੀ ਪਾਰਟੀ (ਆਪ) ਨੇ ਇਸ ਸਾਲ ਹੋਣ ਵਾਲੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ ਯਾਨੀ ਮੰਗਲਵਾਰ ਨੂੰ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ‘ਆਪ’ ਨੇ ਪਹਿਲੀ ਸੂਚੀ 'ਚ 4 ਆਗੂਆਂ ਨੂੰ ਮੈਦਾਨ 'ਚ ਉਤਾਰਿਆ ਹੈ। ਇਨ੍ਹਾਂ 'ਚ ਜ਼ਿਲ੍ਹਾ ਕਾਂਗੜਾ ਦੇ ਫਤਿਹਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਹੇ ਡਾ. ਰਾਜਨ ਸੁਸ਼ਾਂਤ ਨੂੰ ਟਿਕਟ ਦਿੱਤੀ ਗਈ ਹੈ। ਨਗਰੋਟਾ ਬਗਵਾਂ ਤੋਂ ਉਮਾਕਾਂਤ ਡੋਗਰਾ ਉਮੀਦਵਾਰ ਚੁਣੇ ਗਏ ਹਨ। ਸਿਰਮੌਰ ਦੇ ਪਾਉਂਟਾ ਸਾਹਿਬ ਤੋਂ ਮਨੀਸ਼ ਠਾਕੁਰ ਅਤੇ ਲਾਹੌਲ ਸਪੀਤੀ ਤੋਂ ਸੁਦਰਸ਼ਨ ਜਸਪਾ ਨੂੰ ਟਿਕਟ ਦਿੱਤੀ ਗਈ ਹੈ। ਪਾਰਟੀ ਸਾਰੀਆਂ 68 ਸੀਟਾਂ 'ਤੇ ਚੋਣ ਲੜੇਗੀ। ਪਾਰਟੀ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਨਵੀਂ ਪਹਿਲ ਕੀਤੀ ਹੈ। ਅਜੇ ਤੱਕ ਸਾਰੀਆਂ ਸੀਟਾਂ ਦਾ ਫੈਸਲਾ ਨਹੀਂ ਹੋਇਆ ਹੈ, ਜਿੱਥੇ ਟਿਕਟ ਧਾਰਕਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ, ਉੱਥੇ ਅੱਜ ਫੈਸਲਾ ਹੋ ਗਿਆ ਹੈ। 'ਆਪ' ਦਾ ਫੋਕਸ ਹਿਮਾਚਲ ਪ੍ਰਦੇਸ਼ ਦੀ ਬਜਾਏ ਗੁਜਰਾਤ 'ਤੇ ਜ਼ਿਆਦਾ ਹੈ ਪਰ ਪਾਰਟੀ ਟਿਕਟਾਂ ਦੀ ਵੰਡ 'ਚ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਤੋਂ ਅੱਗੇ ਰਹਿਣਾ ਚਾਹੁੰਦੀ ਹੈ। ਕਾਂਗਰਸ ਨੇ ਜਿਸ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ ਹੈ, ਉਸ ਦੇ ਅਧੀਨ  ਟਿਕਟਾਂ ਦੇ ਚਾਹਵਾਨ ਆਗੂਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਪਰ ਅਜੇ ਤੱਕ ਪਹਿਲੀ ਸੂਚੀ ਜਾਰੀ ਨਹੀਂ ਹੋ ਸਕੀ ਹੈ। ਭਾਜਪਾ 'ਚ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ। ਖੇਤਰੀ ਅਤੇ ਜਾਤੀ ਸਮੀਕਰਨਾਂ ਨੂੰ ਧਿਆਨ 'ਚ ਰੱਖ ਕੇ ਇਸ 'ਤੇ ਫ਼ੈਸਲਾ ਲਿਆ ਜਾਵੇਗਾ ਪਰ ‘ਆਪ’ ਟਿਕਟ ਵੰਡ 'ਚ ਅੱਗੇ ਆ ਗਈ ਹੈ।

PunjabKesari

ਪਾਰਟੀ ਨੂੰ ਵੱਡੇ ਚਿਹਰੇ ਨਹੀਂ ਮਿਲ ਸਕੇ ਹਨ, ਦਾਅਵਾ ਹੈ ਕਿ ਪਾਰਟੀ ਦੇ ਅਜੇ 7 ਲੱਖ ਤੋਂ ਵੱਧ ਮੈਂਬਰ ਹਨ। ਇਸ ਤੋਂ ਪਹਿਲਾਂ ਸੋਲਨ 'ਚ ਪੰਚਾਇਤ ਪੱਧਰ ਦੇ ਅਹੁਦੇਦਾਰਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਸੀ। ਉਦੋਂ ਕਿਹਾ ਗਿਆ ਸੀ ਕਿ ਜਲਦ ਹੀ ਪਿੰਡ ਪੱਧਰ ਦੇ ਅਹੁਦੇਦਾਰਾਂ ਦਾ ਵੀ ਅਜਿਹਾ ਹੀ ਸਹੁੰ ਚੁੱਕ ਸਮਾਗਮ ਹੋਵੇਗਾ ਪਰ ਇਹ ਸਮਾਰੋਹ ਅਜੇ ਤੱਕ ਨਹੀਂ ਹੋਇਆ ਹੈ। ਆਮ ਆਦਮੀ ਪਾਰਟੀ ਨੇ ਹੁਣ ਤੱਕ ਕੁੱਲ 11 ਗਾਰੰਟੀਆਂ ਜ਼ਰੂਰ ਦਿੱਤੀਆਂ ਹਨ। 10 ਗਾਰੰਟੀਆਂ ਦੇਣ ਦਾ ਐਲਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਗਾਰੰਟੀ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋ ਸਕੇ ਪਰ ਹੁਣ ਜਲਦ ਹੀ ਉਨ੍ਹਾਂ ਦੀ ਜਨ ਸਭਾ ਹਿਮਾਚਲ 'ਚ ਹੋਵੇਗੀ। ਇਸ ਦੇ ਲਈ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਗਾਰੰਟੀ ਘਰ-ਘਰ ਪਹੁੰਚਾਉਣ ਦੀ ਮੁਹਿੰਮ 25 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News