ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ''ਚ ਲੱਗੀ ਅੱਗ ਦੀ AAI ਨੇ ਸ਼ੁਰੂ ਕੀਤੀ ਜਾਂਚ
Thursday, Jun 15, 2023 - 01:33 PM (IST)
ਕੋਲਕਾਤਾ (ਭਾਸ਼ਾ) - ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਚੈੱਕ-ਇਨ ਖੇਤਰ 'ਚ ਅੱਗ ਲੱਗ ਜਾਣ ਦੀ ਘਟਨਾ ਨਾਲ ਹਵਾਈ ਅੱਡੇ ਵਿੱਚ ਮੌਜੂਦ ਯਾਤਰੀਆਂ 'ਚ ਦਹਿਸ਼ਤ ਫੈਲ ਗਈ ਸੀ। ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਕੋਲਕਾਤਾ ਹਵਾਈ ਅੱਡੇ 'ਤੇ ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਰਾਤ ਕਰੀਬ 9.12 ਵਜੇ ਦੇ ਕਰੀਬ ਅੱਗ ਲੱਗੀ ਹੈ।
ਦੱਸ ਦੇਈਏ ਕਿ ਘਟਨਾ ਦੌਰਾਨ ਅੱਗ ਦੀਆਂ ਤੇਜ਼ ਲਪਟਾਂ ਉੱਠਦੀਆਂ ਦੇਖੀਆਂ ਗਈਆਂ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਜਿਹਨਾਂ ਨੇ ਅੱਗ 'ਤੇ ਕਾਬੂ ਪਾ ਲਿਆ ਗਿਆ। ਪੱਛਮੀ ਬੰਗਾਲ ਦੇ ਫਾਇਰ ਸਰਵਿਸਿਜ਼ ਮੰਤਰੀ ਸੁਜੀਤ ਬੋਸ ਨੇ ਦੱਸਿਆ ਕਿ, "ਪ੍ਰਾਥਮਿਕ ਤੌਰ 'ਤੇ ਇਹ ਜਾਪਦਾ ਹੈ ਕਿ ਏਅਰਪੋਰਟ 'ਤੇ ਏਅਰ ਕੰਡੀਸ਼ਨਿੰਗ ਸਿਸਟਮ ਵਿੱਚ ਆਈ ਖ਼ਰਾਬੀ ਦੇ ਕਾਰਨ ਅੱਗ ਲੱਗੀ ਹੈ।"
ਘਟਨਾ ਦੇ ਅਸਲ ਕਾਰਨਾਂ ਦੇ ਬਾਰੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਅਧਿਕਾਰੀਆਂ ਮੁਤਾਬਕ ਬੁੱਧਵਾਰ ਰਾਤ ਕਰੀਬ 9.40 ਵਜੇ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਰਾਤ 10.25 ਵਜੇ ਚੈੱਕ-ਇਨ ਸੇਵਾ ਬਹਾਲ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਕਿਸੇ ਵੀ ਜਹਾਜ਼ ਦੇ ਆਉਣ ਵਿੱਚ ਕੋਈ ਦੇਰੀ ਨਹੀਂ ਹੋਈ।