Aadhar Card ਦਾ ਨਾ ਹੋਵੇ ਗਲਤ ਇਸਤੇਮਾਲ, UIDAI ਦੀ ਵੱਡੀ ਅਪਡੇਟ
Saturday, Mar 01, 2025 - 11:43 AM (IST)

ਨੈਸ਼ਨਲ ਡੈਸਕ- ਆਧਾਰ ਕਾਰਡ ਇਕ ਮਹੱਤਵਪੂਰਨ ਦਸਤਾਵੇਜ਼ ਹੈ, ਜਿਸ ਵਿਚ ਤੁਹਾਡੀ ਵਿਅਕਤੀਗਤ ਜਾਣਕਾਰੀ ਹੁੰਦੀ ਹੈ, ਜਿਵੇਂ ਕਿ ਨਾਂ, ਪਤਾ, ਜਨਮ ਤਾਰੀਖ਼, ਬਾਇਓਮੈਟ੍ਰਿਕ ਡਾਟਾ (ਫਿੰਗਰਪ੍ਰਿੰਟਸ ਅਤੇ ਆਈਰਿਸ ਸਕੈਨ)। ਇਨ੍ਹਾਂ ਜਾਣਕਾਰੀਆਂ ਦੀ ਦੁਰਵਰਤੋਂ ਨਾ ਹੋਵੇ, ਇਹ ਯਕੀਨੀ ਕਰਨਾ ਬਹੁਤ ਜ਼ਰੂਰੀ ਹੈ। ਹਾਲਾਂਕਿ ਅੱਜ-ਕੱਲ ਆਧਾਰ ਕਾਰਡ ਦੀ ਲੋੜ ਹਰ ਛੋਟੇ-ਵੱਡੀ ਕੰਮ ਵਿਚ ਪੈ ਰਹੀ ਹੈ, ਜਿਸ ਤੋਂ ਇਸ ਨੂੰ ਸੁਰੱਖਿਅਤ ਰੱਖਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਆਧਾਰ ਕਾਰਡ ਦੇ ਕੁਝ ਫਰਾਡ ਦੇ ਮਾਮਲੇ ਵੀ ਸਾਹਮਣੇ ਆਏ ਹਨ, ਅਜਿਹੇ ਵਿਚ ਇਹ ਸਵਾਲ ਉਠਦਾ ਹੈ ਕਿ ਇਸ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ?
ਆਧਾਰ ਕਾਰਡ ਦੀ ਸੁਰੱਖਿਆ ਵਧਾਉਣ ਦਾ ਤਰੀਕਾ: ਬਾਇਓਮੈਟ੍ਰਿਕ ਲਾਕ
ਆਧਾਰ ਨੂੰ ਸੁਰੱਖਿਅਤ ਰੱਖਣ ਦਾ ਇਕ ਤਰੀਕਾ ਹੈ ਕਿ ਇਸ ਦੇ ਬਾਇਓਮੈਟ੍ਰਿਕ ਡਾਟਾ ਨੂੰ ਲਾਕ ਕਰ ਦੇਣਾ। UIDAI ਨੇ ਆਧਾਰ ਯੂਜ਼ਰਸ ਨੂੰ ਬਾਇਓਮੈਟ੍ਰਿਕ ਲਾਕ-ਅਨਲਾਕ ਦੀ ਸਹੂਲਤ ਦਿੱਤੀ ਹੈ। ਇਸ ਸਹੂਲਤ ਦਾ ਉਦੇਸ਼ ਤੁਹਾਡੇ ਬਾਇਓਮੈਟ੍ਰਿਕ ਡਾਟਾ ਜਿਵੇਂ ਕਿ ਫਿੰਗਰਪ੍ਰਿੰਟਸ ਅਤੇ ਆਇਰਿਸ ਸਕੈਨ ਦੀ ਗੁਪਤਤਾ ਨੂੰ ਮਜ਼ਬੂਤ ਕਰਨਾ ਹੈ। ਜਦੋਂ ਤੁਸੀਂ ਆਪਣੇ ਬਾਇਓਮੈਟ੍ਰਿਕਸ ਨੂੰ ਲਾਕ ਕਰਦੇ ਹੋ, ਤਾਂ ਕੋਈ ਵੀ ਤੁਹਾਡੇ ਆਧਾਰ ਬਾਇਓਮੈਟ੍ਰਿਕਸ ਦੀ ਵਰਤੋਂ ਕਰਕੇ ਪ੍ਰਮਾਣਿਤ ਨਹੀਂ ਕਰ ਸਕਦਾ ਹੈ।
ਆਧਾਰ ਦੇ ਬਾਇਓਮੈਟ੍ਰਿਕਸ ਨੂੰ ਲਾਕ ਕਰਨ ਲਈ, ਹੇਠ ਲਿਖੀ ਪ੍ਰਕਿਰਿਆ ਦੀ ਪਾਲਣਾ ਕਰੋ:
-ਸਭ ਤੋਂ ਪਹਿਲਾਂ ਆਧਾਰ ਦੀ ਅਧਿਕਾਰਤ ਵੈੱਬਸਾਈਟ (https://resident.uidai.gov.in/bio-lock) 'ਤੇ ਜਾਓ।
-ਵੈੱਬਸਾਈਟ 'ਤੇ ਜਾਣ ਤੋਂ ਬਾਅਦ ਇਕ ਚੈੱਕ ਬਾਕਸ ਦਿਖਾਈ ਦੇਵੇਗਾ ਜਿਸ 'ਚ ਲਿਖਿਆ ਹੋਵੇਗਾ ਕਿ ਤੁਹਾਡੇ ਬਾਇਓਮੈਟ੍ਰਿਕ ਦੀ ਪ੍ਰਮਾਣਿਕਤਾ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੱਕ ਤੁਸੀਂ ਆਪਣੇ ਬਾਇਓਮੈਟ੍ਰਿਕ ਨੂੰ ਅਨਲਾਕ ਨਹੀਂ ਕਰਦੇ। ਇਸ ਬਾਕਸ 'ਚ ਕਲਿੱਕ ਕਰੋ।
-ਇਸ ਤੋਂ ਬਾਅਦ ਲਾਕ/ਅਨਲਾਕ ਬਾਇਓਮੈਟ੍ਰਿਕਸ 'ਤੇ ਕਲਿੱਕ ਕਰੋ। ਹੁਣ ਇਕ ਨਵਾਂ ਪੇਜ ਖੁੱਲੇਗਾ।
-ਨਵੇਂ ਪੰਨੇ 'ਤੇ ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ ਅਤੇ ਕੈਪਚਾ ਕੋਡ ਭਰੋ। ਫਿਰ Send OTP 'ਤੇ ਕਲਿੱਕ ਕਰੋ।
-ਹੁਣ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ OTP ਆਵੇਗਾ, ਇਸ ਨੂੰ ਦਰਜ ਕਰੋ ਅਤੇ Submit 'ਤੇ ਕਲਿੱਕ ਕਰੋ।
-OTP ਦਾਖਲ ਕਰਨ ਤੋਂ ਬਾਅਦ ਤੁਹਾਨੂੰ ਬਾਇਓਮੈਟ੍ਰਿਕ ਡਾਟਾ ਨੂੰ ਲਾਕ ਜਾਂ ਅਨਲਾਕ ਕਰਨ ਦਾ ਵਿਕਲਪ ਮਿਲੇਗਾ। ਤੁਸੀਂ ਜੋ ਵੀ ਵਿਕਲਪ ਚਾਹੋ ਚੁਣ ਸਕਦੇ ਹੋ।
-ਇਸ ਪ੍ਰਕਿਰਿਆ ਨਾਲ ਤੁਸੀਂ ਆਪਣੇ ਆਧਾਰ ਕਾਰਡ ਦੇ ਬਾਇਓਮੈਟ੍ਰਿਕ ਡਾਟਾ ਨੂੰ ਲਾਕ ਕਰ ਸਕਦੇ ਹੋ ਅਤੇ ਕਿਸੇ ਵਲੋਂ ਵੀ ਇਸ ਦੀ ਦੁਰਵਰਤੋਂ ਤੋਂ ਸੁਰੱਖਿਅਤ ਰੱਖ ਸਕਦੇ ਹੋ।