‘ਚਾਹ’ ਦੀ ਚੁਸਕੀ ਹੋਵੇਗੀ ਮਹਿੰਗੀ! ਭਾਰਤੀ ਚਾਹ ਸੰਘ ਦੇ ਚੇਅਰਮੈਨ ਨੇ ਦਿੱਤੇ ਸੰਕੇਤ
Tuesday, Dec 31, 2024 - 08:48 AM (IST)
ਕੋਲਕਾਤਾ (ਭਾਸ਼ਾ) : ਸਵੇਰੇ-ਸਵੇਰੇ ਜੇ ਤੁਸੀਂ ਚਾਹ ਦੀ ਚੁਸਕੀ ਲੈਣਾ ਪਸੰਦ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਆਉਣ ਵਾਲੇ ਦਿਨਾਂ ’ਚ ਚਾਹ-ਪੱਤੀ ਦੀਆਂ ਕੀਮਤਾਂ ’ਚ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ। ਅਸਲ ’ਚ ਚਾਹ-ਬਾਗਾਨਾਂ ਤੋਂ ਚਾਹ ਉਤਪਾਦਨ ਨੂੰ ਲੈ ਕੇ ਬੁਰੀ ਖਬਰ ਆਈ ਹੈ। ਮੌਸਮ ਦੇ ਬਦਲੇ ਮਿਜਾਜ਼ ਅਤੇ ਬਾਗਾਨਾਂ ਦੇ ਸਮੇਂ ਤੋਂ ਪਹਿਲਾਂ ਬੰਦ ਹੋਣ ਕਾਰਨ ਇਸ ਸਾਲ ਦੇ ਅਖੀਰ ਤੱਕ ਚਾਹ ਦੇ ਕੁੱਲ ਉਤਪਾਦਨ ’ਚ 10 ਕਰੋੜ ਕਿਲੋਗ੍ਰਾਮ ਤੋਂ ਵੱਧ ਦੀ ਗਿਰਾਵਟ ਆਉਣ ਦਾ ਖਦਸ਼ਾ ਹੈ। ਚਾਹ ਉਦਯੋਗ ਨਾਲ ਜੁੜੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ 2023 ਦੇ ਪਹਿਲੇ 10 ਮਹੀਨਿਆਂ ’ਚ ਲਗਭਗ 117.8 ਕਰੋੜ ਕਿਲੋਗ੍ਰਾਮ ਉਤਪਾਦਨ ਦੇ ਮੁਕਾਬਲੇ ’ਚ ਦੇਸ਼ ’ਚ ਚਾਲੂ ਕੈਲੰਡਰ ਸਾਲ ਦੀ ਜਨਵਰੀ-ਅਕਤੂਬਰ ਮਿਆਦ ’ਚ ਲਗਭਗ 111.2 ਕਰੋੜ ਕਿਲੋਗ੍ਰਾਮ ਚਾਹ ਦਾ ਉਤਪਾਦਨ ਹੋਇਆ। ਹਾਲਾਂਕਿ ਐਕਸਪੋਰਟ ਦੇ 2024 ’ਚ 24-25 ਕਰੋੜ ਕਿਲੋਗ੍ਰਾਮ ਤੱਕ ਪਹੁੰਚਣ ਦੀ ਉਮੀਦ ਹੈ, ਜੋ ਪਿਛਲੇ ਸਾਲ ਲਗਭਗ 23.1 ਕਰੋੜ ਕਿਲੋਗ੍ਰਾਮ ਰਿਹਾ ਸੀ।
ਇਹ ਵੀ ਪੜ੍ਹੋ : 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਲੱਗੇਗਾ ਮੋਟਾ ਜੁਰਮਾਨਾ
ਉਤਪਾਦਨ ਲਾਗਤ ’ਚ ਵੀ ਵਾਧਾ
ਭਾਰਤੀ ਚਾਹ ਸੰਘ ਦੇ ਚੇਅਰਮੈਨ ਹੇਮੰਤ ਬਾਂਗੜ ਨੇ ਦੱਸਿਆ ਕਿ 2024 ’ਚ ਜਨਵਰੀ-ਅਕਤੂਬਰ ਦੀ ਮਿਆਦ ’ਚ ਉਤਪਾਦਨ ’ਚ ਲਗਭਗ 6.6 ਕਰੋੜ ਕਿਲੋਗ੍ਰਾਮ ਦੀ ਕਮੀ, ਜਦਕਿ ਨਵੰਬਰ ਤੋਂ ਬਾਅਦ ਚਾਹ ਦੇ ਬਾਗਾਨ ਬੰਦ ਕੀਤੇ ਜਾਣ ਨਾਲ ਉਤਪਾਦਨ ’ਚ 4.5 ਤੋਂ 5 ਕਰੋੜ ਕਿਲੋਗ੍ਰਾਮ ਦੀ ਹੋਰ ਗਿਰਾਵਟ ਆਉਣ ਦਾ ਖਦਸ਼ਾ ਹੈ।
ਭਾਰਤੀ ਚਾਹ ਬਰਾਮਦਕਾਰ ਸੰਘ ਦੇ ਚੇਅਰਮੈਨ ਅੰਸ਼ੂਮਾਨ ਕਨੋਰੀਆ ਨੇ ਕਿਹਾ ਕਿ ਭੂ-ਸਿਆਸੀ ਚੁਣੌਤੀਆਂ ਅਤੇ ਕਰੰਸੀ ਸਬੰਧੀ ਮੁੱਦਿਆਂ ਦੇ ਬਾਵਜੂਦ ਭਾਰਤ ਦਾ ਚਾਹ ਐਕਸਪੋਰਟ ਚੰਗਾ ਰਿਹਾ ਤੇ ਐਕਸਪੋਰਟ ’ਚ ਵਾਧਾ ਵਪਾਰੀਆਂ ਦੀ ਉੱਚ ਜੋਖਮ ਸਮਰੱਥਾ ਕਾਰਨ ਹੋਇਆ। ਬਾਂਗੜ ਨੇ ਕਿਹਾ ਕਿ ਇਸ ਸਾਲ ਚਾਹ ਉਦਯੋਗ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ। ਫਸਲ ਉਤਪਾਦਨ ਘੱਟ ਰਿਹਾ ਜਦਕਿ ਪ੍ਰਤੀ ਕਿਲੋਗ੍ਰਾਮ ਉਤਪਾਦਨ ਲਾਗਤ ਵਧੀ। ਜ਼ਿਆਦਾਤਰ ਲਾਗਤ ਪਹਿਲਾਂ ਤੋਂ ਤੈਅ ਸੀ ਅਤੇ ਕੀਮਤ ’ਚ ਸਥਿਤੀ ਦੇ ਅਨੁਸਾਰ ਕੋਈ ਵਾਧਾ ਨਹੀਂ ਹੋਇਆ। ਉਦਯੋਗ 2023 ’ਚ ਘਾਟੇ ’ਚ ਸੀ ਹਾਲਾਂਕਿ ਹੁਣ ਸਥਿਤੀ ਪਿਛਲੇ ਸਾਲ ਨਾਲੋਂ ਬਿਹਤਰ ਹੈ ਪਰ ਉਦਯੋਗ ਮੰਦੀ ਤੋਂ ਬਾਹਰ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਮਹਾਕੁੰਭ 2025-ਅਯੁੱਧਿਆ ਦਰਸ਼ਨ ਲਈ ਬੁਕਿੰਗ ਸ਼ੁਰੂ, ਕਿਰਾਏ 'ਚ ਛੋਟ ਸਮੇਤ ਮਿਲਣਗੀਆਂ ਇਹ ਸਹੂਲਤਾਂ
ਬੰਗਾਲ ਦੇ ਚਾਹ ਉਤਪਾਦਕ ਘਾਟੇ ’ਚ ਰਹਿਣਗੇ
ਉਨ੍ਹਾਂ ਕਿਹਾ ਕਿ ਆਸਾਮ ’ਚ ਉਤਪਾਦਕ ਕੁਝ ਮਾਮੂਲੀ ਲਾਭ ਕਮਾ ਸਕਦੇ ਹਨ ਪਰ ਉੱਤਰੀ ਬੰਗਾਲ ’ਚ ਉਹ ਹੁਣ ਵੀ ਘਾਟੇ ’ਚ ਰਹਿਣਗੇ। ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ’ਚ ਉਤਪਾਦਨ ’ਚ 11-12 ਕਰੋੜ ਕਿਲੋਗ੍ਰਾਮ ਦੀ ਗਿਰਾਵਟ ਹੋਵੇਗੀ। ਚਾਹ ਖੋਜ ਸੰਘ (ਟੀ. ਆਰ. ਏ.) ਨੇ ਜਲਵਾਯੂ ਤਬਦੀਲੀ ਤੇ ਮੌਸਮ ਦੇ ਬਦਲੇ ਮਿਜਾਜ਼ ਕਾਰਨ ਫਸਲ ਉਤਪਾਦਨ ਦੇ ਪ੍ਰਭਾਵਿਤ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਉਦਯੋਗ ਨੂੰ ਮਿੱਟੀ ਦੀ ਗੁਣਵੱਤਾ ਨੂੰ ਵਧਾਉਣ, ਮੀਂਹ ਦੇ ਪਾਣੀ ਨੂੰ ਸੰਭਾਲ ਕੇ ਜਲ ਸ੍ਰੋਤਾਂ ਦਾ ਨਿਰਮਾਣ ਕਰਨ ਆਦਿ ਦੀ ਸਲਾਹ ਦਿੱਤੀ ਹੈ।
ਟੀ. ਆਰ. ਏ. ਦੇ ਸਕੱਤਰ ਜੋਏਦੀਪ ਫੂਕਨ ਨੇ ਕਿਹਾ ਕਿ ਜਲਵਾਯੂ ਤਬਦੀਲੀ ਦੇ ਪ੍ਰਭਾਵ ਨਾਲ ਭਾਰਤੀ ਚਾਹ ਤੇਜ਼ੀ ਨਾਲ ਮੁਕਾਬਲੇ ’ਚੋਂ ਬਾਹਰ ਹੋ ਰਹੀ ਹੈ। ਇਸ ਸਾਲ ਕਈ ਚਾਹ ਉਤਪਾਦਕ ਖੇਤਰਾਂ ’ਚ ਤਾਪਮਾਨ 35 ਤੋਂ 40 ਡਿਗਰੀ ਸੈਲਸੀਅਸ ਤੱਕ ਰਿਹਾ ਅਤੇ ਕਾਫੀ ਲੰਬੇ ਸਮੇਂ ਤੱਕ ਮੀਂਹ ਦੀ ਕਮੀ ਰਹੀ, ਜਿਸ ਨਾਲ ਗੁਣਵੱਤਾ ਭਰਪੂਰ ਫਸਲ ਦੇ ਮਹੀਨਿਆਂ ’ਚ ਚਾਹ ਉਤਪਾਦਨ ਔਸਤਨ 20 ਫੀਸਦੀ ਪ੍ਰਭਾਵਿਤ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8