ਜੰਮੂ ਵਿਖੇ ਨਦੀ ''ਚ ਡਿੱਗੀ ਕਾਰ, ਹਰਿਆਣਾ ਤੋਂ ਮਿਲਿਆ ਪਰਿਵਾਰ, ਮੌਤ ਦੇ ਨਾਟਕ ਦਾ ਸੱਚ ਜਾਣ ਹੋਵੋਗੇ ਹੈਰਾਨ

Monday, Jan 09, 2023 - 01:09 PM (IST)

ਭਦਰਵਾਹ/ਹਰਿਆਣਾ (ਭਾਸ਼ਾ)- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਪਿਛਲੇ ਮਹੀਨੇ ਚਿਨਾਬ ਨਦੀ 'ਚ ਕਾਰ ਡਿੱਗਣ ਤੋਂ ਬਾਅਦ ਮ੍ਰਿਤਕ ਮੰਨ ਲਏ ਗਏ ਪਤੀ-ਪਤਨੀ ਅਤੇ ਉਨ੍ਹਾਂ ਦੀ 6 ਸਾਲਾ ਧੀ 20 ਦਿਨਾਂ ਬਾਅਦ ਹਰਿਆਣਾ 'ਚ ਜਿਊਂਦੇ ਮਿਲੇ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਆਪਣਾ ਕਰਜ਼ਾ ਮੋੜਨ ਤੋਂ ਬਚਣ ਲਈ ਹਾਦਸੇ ਦਾ ਨਾਟਕ ਰਚਿਆ ਸੀ ਪਰ ਫਿਲਮੀ ਸ਼ੈਲੀ ਵਾਲੀ ਉਸ ਦੀ ਇਸ ਹਰਕਤ ਨੂੰ ਪੁਲਸ ਨੇ ਬੇਨਕਾਬ ਕਰ ਦਿੱਤਾ ਅਤੇ ਉਸ ਨੂੰ ਹਰਿਆਣਾ ਦੇ ਪੰਚਕੂਲਾ ਤੋਂ ਲੱਭ ਲਿਆ। ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨ ਲਈ ਇੱਥੇ ਵਾਪਸ ਲਿਆਂਦਾ ਹੈ। ਅਧਿਕਾਰੀ ਨੇ ਦੱਸਿਆ ਕਿ 20 ਦਸੰਬਰ ਨੂੰ ਰਿਪੋਰਟ ਦਰਜ ਕਰਵਾਈ ਗਈ ਸੀ ਕਿ ਸਿੰਘ (31) ਆਪਣੀ ਪਤਨੀ ਅਤੇ ਧੀ ਨਾਲ ਭਦਰਵਾਹ ਤੋਂ ਜੰਮੂ ਜਾ ਰਹੇ ਸਨ ਤਾਂ ਡੋਡਾ ਜ਼ਿਲ੍ਹੇ ਦੇ ਗਾਡਸੂ ਨੇੜੇ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਤਿੰਨੋਂ ਲਾਪਤਾ ਹੋ ਗਏ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਤੁਰੰਤ ਹਾਦਸੇ ਵਾਲੀ ਥਾਂ ਪੁੱਜੇ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਚੇਨਾਬ ਨਦੀ 'ਚ ਡਿੱਗੀ ਕਾਰ, ਇਕ ਹੀ ਪਰਿਵਾਰ ਦੇ 3 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ

ਉਨ੍ਹਾਂ ਅਨੁਸਾਰ, ਜਿੱਥੇ ਕਾਰ ਨਦੀ 'ਚ ਡਿੱਗੀ ਸੀ, ਉੱਥੇ ਪੁਲਸ ਟੀਮ ਨੂੰ ਸਿੰਘ ਦੇ 2 ਪਛਾਣ ਪੱਤਰ, ਇਕ ਡਰਾਈਵਿੰਗ ਲਾਇਸੈਂਸ, ਇਕ ਈ-ਸ਼ਰਮਕਾਰਡ ਅਤੇ ਇਕ ਪਰਸ ਮਿਲਿਆ। ਅਧਿਕਾਰੀ ਅਨੁਸਾਰ, ਚਿਨਾਬ ਨਦੀ ਤੋਂ ਕਾਰ ਮਿਲ ਗਈ ਪਰ ਐੱਸਡੀਆਰਐੱਫ ਟੀਮ ਸਮੇਤ ਬਚਾਅ ਕਰਮੀਆਂ ਨੂੰ ਕਈ ਦਿਨਾਂ ਤੱਕ ਮੁਹਿੰਮ ਚਲਾਉਣ ਤੋਂ ਬਾਅਦ ਵੀ ਲਾਸ਼ਾਂ ਜਾਂ ਬੈਗ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਉਦੋਂ ਪੁਲਸ ਲਾਪਤਾ ਪਰਿਵਾਰ ਦੀ ਵਿੱਤੀ ਸਥਿਤੀ ਵਰਗੇ ਹੋਰ ਪਹਿਲੂਆਂ ਦੀ ਜਾਂਚ ਕਰਨ ਲੱਗੀ ਅਤੇ ਜਾਂਚ ਦੌਰਾਨ ਪਤਾ ਲੱਗਾ ਕਿ ਸਿੰਘ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੱਖ-ਵੱਖ ਬੈਂਕਾਂ ਅਤੇ ਨਿੱਜੀ ਕਰਜ਼ਦਾਰਾਂ ਤੋਂ 30 ਲੱਖ ਰੁਪਏ ਕਰਜ਼ ਵਜੋਂ ਲਏ ਸਨ। ਉਨ੍ਹਾਂ ਦੱਸਿਆ ਕਿ ਉਦੋਂ ਪੁਲਸ ਨੂੰ ਸ਼ੱਕ ਹੋਇਆ ਅਤੇ ਡੋਡਾ ਦੇ ਸੀਨੀਅਰ ਪੁਲਸ ਸੁਪਰਡੈਂਟ ਅਬਦੁੱਲ ਕਯੂਮ ਨੇ ਲਾਪਤਾ ਪਰਿਵਾਰ ਦਾ ਪਤਾ ਲਗਾਉਣ ਲਈ ਇਕ ਵਿਸ਼ੇਸ਼ ਟੀਮ ਬਣਾਈ। ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਪੁਲਸ ਦੀ ਮਦਦ ਨਾਲ ਇਸ ਪਰਿਵਾਰ ਨੂੰ ਪੰਚਕੂਲਾ ਦੇ ਅਭੇਪੁਰਾ ਪਿੰਡ ਤੋਂ ਲੱਭਿਆ ਗਿਆ ਅਤੇ ਉਨ੍ਹਾਂ ਨੂੰ ਡੋਡਾ ਵਾਪਸ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News