ਉਸਾਰੀ ਅਧੀਨ ਪੁਲ ਦਾ ਇਕ ਹਿੱਸਾ ਹੋਇਆ ਢਹਿ-ਢੇਰੀ
Monday, Sep 23, 2024 - 02:39 PM (IST)

ਪਟਨਾ- ਪਟਨਾ ਜ਼ਿਲ੍ਹੇ ਦੇ 'ਬਖਤਿਆਰਪੁਰ-ਤਾਜ਼ਪੁਰ ਗੰਗਾ ਮਹਾਸੇਤੂ' ਦਾ ਇਕ ਉਸਾਰੀ ਅਧੀਨ ਹਿੱਸਾ ਐਤਵਾਰ ਨੂੰ ਢਹਿ ਗਿਆ। 'ਬਖਤਿਆਰਪੁਰ-ਤਾਜ਼ਪੁਰ ਗੰਗਾ ਮਹਾਸੇਤੂ' ਦੇ ਨਿਰਮਾਣ ਦੇ ਦੇਖ-ਰੇਖ ਬਿਹਾਰ ਸੂਬਾ ਸੜਕ ਵਿਕਾਸ ਨਿਗਮ ਲਿਮਟਿਡ ਕਰ ਰਿਹਾ ਹੈ। ਇਹ ਘਟਨਾ 'ਬਖਤਿਆਰਪੁਰ-ਤਾਜ਼ਪੁਰ ਗੰਗਾ ਮਹਾਸੇਤੂ' ਦੇ ਗਾਰਡਰਾਂ ਦੀ ਬਿਅਰਿੰਗ ਬਦਲਣ ਦੌਰਾਨ ਹੋਈ। ਖੰਭਿਆਂ ਦੇ ਗਾਰਡਰ ਰੱਖਦੇ ਸਮੇਂ ਉਨ੍ਹਾਂ ਵਿਚੋਂ ਇਕ ਡਿੱਗ ਗਿਆ। ਬਿਹਾਰ ਸੂਬਾ ਸੜਕ ਵਿਕਾਸ ਨਿਗਮ ਲਿਮਟਿਡ ਦੇ ਚੀਫ਼ ਜਨਰਲ ਮੈਨੇਜਰ ਪ੍ਰਬੀਨ ਚੰਦਰ ਗੁਪਤਾ ਨੇ ਦੱਸਿਆ ਕਿ ਬਿਅਰਿੰਗ ਬਦਲਣਾ ਇਕ ਨਿਯਮਿਤ ਅਭਿਆਸ ਹੈ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅਸੀਂ ਕੰਮ ਦਾ ਨਿਰੀਖਣ ਕਰਨ ਲਈ ਮੌਕੇ 'ਤੇ ਜਾ ਰਹੇ ਹਾਂ।
ਪਟਨਾ ਦੇ ਜ਼ਿਲ੍ਹਾ ਅਧਿਕਾਰੀ ਚੰਦਰਸ਼ੇਖਰ ਸਿੰਘ ਨੇ ਦੱਸਿਆ ਕਿ ਨਿਯਮਿਤ ਕਾਰਜ ਦੌਰਾਨ ਬਖਤਿਆਰਪੁਰ ਵੱਲ ਉਸਾਰੀ ਅਧੀਨ ਪੁਲ ਦਾ ਇਕ ਹਿੱਸਾ ਢਹਿ ਗਿਆ। ਇਸ ਪ੍ਰਾਜੈਕਟ ਦਾ ਨਿਰਮਾਣ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੂਨ 2011 ਵਿਚ 5.57 ਕਿਲੋਮੀਟਰ ਲੰਬੇ 'ਬਖਤਿਆਰਪੁਰ-ਤਾਜ਼ਪੁਰ ਗੰਗਾ ਮਹਾਸੇਤੂ' ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 1,602.74 ਕਰੋੜ ਰੁਪਏ ਦੱਸੀ ਗਈ ਸੀ। ਪ੍ਰਾਜੈਕਟ ਪੂਰਾ ਹੋਣ ਮਗਰੋਂ ਇਹ ਪੁਲ ਸਮਸਤੀਪੁਰ 'ਚ ਕੌਮੀ ਹਾਈਵੇਅ-28 ਅਤੇ ਪਟਨਾ ਵਿਚ ਨੈਸ਼ਨਲ ਹਾਈਵੇਅ-31 ਨੂੰ ਜੋੜੇਗਾ। ਇਸ ਪ੍ਰਾਜੈਕਟ ਦਾ ਉਦੇਸ਼ ਪਟਨਾ ਵਿਚ ਮਹਾਤਮਾ ਗਾਂਧੀ ਸੇਤੂ ਅਤੇ ਮੋਕਾਮਾ ਵਿਚ ਰਾਜੇਂਦਰ ਸੇਤੂ 'ਤੇ ਆਵਾਜਾਈ ਦਾ ਭਰ ਘੱਟ ਕਰਨਾ ਹੈ। ਇਸ ਘਟਨਾ ਨੂੰ ਹਾਲ ਦੇ ਦਿਨਾਂ ਵਿਚ ਬਿਹਾਰ ਦੇ ਕਈ ਜ਼ਿਲ੍ਹਿਆਂ ਵਿਚ ਇਕ ਦਰਜਨ ਤੋਂ ਵੱਧ ਪੁਲਾਂ ਦੇ ਢਹਿਣ ਦੀ ਪਿੱਠਭੂਮੀ ਵਜੋਂ ਵੇਖਿਆ ਜਾ ਰਿਹਾ ਹੈ।