ਪੁਣੇ ’ਚ ਗਾਂਧੀ ਜੀ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਗ੍ਰਿਫ਼ਤਾਰ
Tuesday, Jul 08, 2025 - 12:35 AM (IST)

ਪੁਣੇ- ਪੁਣੇ ਰੇਲਵੇ ਸਟੇਸ਼ਨ ’ਤੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਉਸ ਦੇ ਮਾਨਸਿਕ ਤੌਰ ’ਤੇ ਬੀਮਾਰ ਹੋਣ ਦਾ ਸ਼ੱਕ ਹੈ। ਪੁਲਸ ਨੇ ਸੋਮਵਾਰ ਕਿਹਾ ਕਿ ਐਤਵਾਰ ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਕੁਝ ਲੋਕਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਤੇ ਪੁਲਸ ਦੇ ਹਵਾਲੇ ਕਰ ਦਿੱਤਾ।
ਸਥਾਨਕ ਕਾਂਗਰਸ ਵਰਕਰਾਂ ਨੇ ਸੋਮਵਾਰ ਬੁੱਤ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲਸ ਦੇ ਡਿਪਟੀ ਕਮਿਸ਼ਨਰ (ਜ਼ੋਨ 2) ਮਿਲਿੰਦ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਸੂਰਜ ਸ਼ੁਕਲਾ ਵਜੋਂ ਹੋਈ ਹੈ। ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਇਕ ਹੋਰ ਅਧਿਕਾਰੀ ਨੇ ਕਿਹਾ ਕਿ ਬੁੱਤ ਨੂੰ ਨੁਕਸਾਨ ਨਹੀਂ ਪਹੁੰਚਿਆ ਪਰ ਜਿਸ ਪਲੇਟਫਾਰਮ ’ਤੇ ਬੁੱਤ ਸਥਾਪਿਤ ਹੈ, ਉਸ ਦੀ ਇਕ ਛੋਟੀ ਜਿਹੀ ਟਾਈਲ ਨੁਕਸਾਨੀ ਗਈ ਹੈ ਕਿਉਂਕਿ ਵਿਅਕਤੀ ਉਸ ’ਤੇ ਚੜ੍ਹ ਗਿਆ ਸੀ।