ਪੁਲਵਾਮਾ ਵਰਗੇ ਹਮਲੇ ਦੀ ਇਕ ਹੋਰ ਸਾਜਿਸ਼ ਨਾਕਾਮ, ਬਰਾਮਦ ਹੋਈ IED ਨਾਲ ਭਰੀ ਕਾਰ
Thursday, May 28, 2020 - 02:14 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਵੀਰਵਾਰ ਭਾਵ ਅੱਜ ਪੁਲਵਾਮਾ ਵਰਗੇ ਅੱਤਵਾਦੀ ਹਮਲੇ ਦੀ ਸਾਜਿਸ਼ ਨੂੰ ਸੁਰੱਖਿਆ ਦਸਤਿਆਂ ਨੇ ਨਾਕਾਮ ਕਰ ਦਿੱਤਾ ਹੈ। ਸੁਰੱਖਿਆ ਦਸਤਿਆਂ ਨੇ ਪੁਲਵਾਮਾ ਨੇੜਲੇ ਇਲਾਕੇ ਵਿਚ ਇਕ ਸੈਂਟਰੋ ਕਾਰ 'ਚ ਲੈ ਕੇ ਜਾ ਰਹੇ ਆਈ. ਈ. ਡੀ. ਨੂੰ ਬਰਾਮਦ ਕੀਤੀ, ਜਿਸ 'ਤੇ ਲੱਗੀ ਨੰਬਰ ਪਲੇਟ 'ਤੇ ਕਠੁਆ ਦਾ ਨੰਬਰ ਲਿਖਿਆ ਹੋਇਆ ਹੈ। ਇਸ ਕਾਰ 'ਚ ਵੱਡੀ ਮਾਤਰਾ ਵਿਚ ਆਈ. ਈ. ਡੀ. ਬਰਾਮਦ ਹੋਈ ਹੈ। ਏਜੰਸੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਨੂੰ ਸੁਰੱਖਿਆ ਦਸਤਿਆਂ ਦੇ ਕਿਸੇ ਕਾਫਿਲੇ 'ਤੇ ਹਮਲੇ ਲਈ ਇੱਥੇ ਲਾਇਆ ਗਿਆ ਸੀ। ਚੰਗੀ ਗੱਲ ਇਹ ਹੈ ਕਿ ਸਮੇਂ ਰਹਿੰਦੇ ਪਹਿਚਾਣ ਕਰ ਲਈ ਗਈ। ਬੰਬ ਰੋਕੂ ਦਸਤੇ ਨੇ ਬੰਬ ਨੂੰ ਨਕਾਰਾ ਕਰ ਦਿੱਤਾ।
ਓਧਰ ਕਸ਼ਮੀਰ ਜ਼ੋਨ ਪੁਲਸ ਨੇ ਦੱਸਿਆ ਕਿ ਪੁਲਵਾਮਾ ਪੁਲਸ, ਸੀ. ਆਰ. ਪੀ. ਐੱਫ. ਅਤੇ ਫੌਜ ਨੇ ਇਕੱਠੇ ਕਾਰਵਾਈ ਕਰਦਿਆਂ ਗੱਡੀ ਦੀ ਪਹਿਚਾਣ ਕੀਤੀ ਅਤੇ ਇਸ 'ਚ ਆਈ. ਈ. ਡੀ. ਹੋਣ ਦਾ ਪਤਾ ਲਾਇਆ। ਜਿਸ ਤੋਂ ਬਾਅਦ ਬੰਬ ਰੋਕੂ ਦਸਤੇ ਨੂੰ ਬੁਲਾਇਆ ਗਿਆ ਅਤੇ ਧਮਾਕੇ ਦੀ ਵੱਡੀ ਘਟਨਾ ਨੂੰ ਟਾਲ ਦਿੱਤਾ ਗਿਆ।
ਕਾਰ 'ਤੇ ਜੇਕੇ-08 1426 ਨੰਬਰ ਦੀ ਪਲੇਟ ਲੱਗੀ ਹੈ, ਜੋ ਕਿ ਕਠੁਆ ਦਾ ਨੰਬਰ ਹੈ। ਜੰਮੂ ਡਵੀਜ਼ਨ ਦਾ ਕਠੁਆ ਇਲਾਕਾ ਸਰਹੱਦੀ ਖੇਤਰ ਹੈ ਅਤੇ ਇੱਥੇ ਹੀਰਾਨਗਰ ਇਲਾਕੇ ਨੂੰ ਪਾਕਿਸਤਾਨ ਘੁਸਪੈਠ ਦੇ ਲਿਹਾਜ ਨਾਲ ਬੇਹੱਦ ਸੰਵਦੇਨਸ਼ੀਲ ਮੰਨਿਆ ਜਾਂਦਾ ਹੈ। ਇਸ ਕਾਰ 'ਚੋਂ ਵਿਸਫੋਟਕ ਮਿਲਣ ਦੇ ਪਿੱਛੇ ਕਿਸੇ ਪਾਕਿਸਤਾਨੀ ਸਾਜਿਸ਼ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਕਾਰ ਨੂੰ ਪੁਲਵਾਮਾ ਦੇ ਰਜਪੁਰਾ ਰੋਡ ਨੇੜੇ ਸ਼ਾਦੀਪੁਰਾ ਵਿਚ ਫੜਿਆ ਗਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 14 ਫਰਵਰੀ 2019 ਨੂੰ ਪੁਲਵਾਮਾ ਵਿਚ ਅੱਤਵਾਦੀ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਵਿਸਫੋਟਕ ਨਾਲ ਭਰੀ ਗੱਡੀ ਨੂੰ ਸੀ. ਆਰ. ਪੀ. ਐੱਫ. ਦੇ ਕਾਫਿਲੇ ਨਾਲ ਟੱਕਰ ਮਾਰ ਦਿੱਤੀ ਸੀ। ਇਸ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਆਈ. ਈ. ਡੀ. ਨਾਲ ਭਰੀ ਇਕ ਅਜਿਹੀ ਹੀ ਕਾਰ ਦਾ ਇਸਤੇਮਾਲ ਕੀਤਾ ਸੀ।