ਦਿਨੋਂ-ਦਿਨ ਵਧ ਰਹੀ ਰਾਮ ਰਹੀਮ ਦੇ ਦੋਸ਼ਾਂ ਦੀ ਸੂਚੀ, ਇਕ ਹੋਰ ਖੁੱਲ੍ਹਿਆਂ ਭੇਤ

Wednesday, Nov 08, 2017 - 12:43 PM (IST)

ਚੰਡੀਗੜ੍ਹ — ਸਾਧਵੀਆਂ ਨਾਲ ਬਲਾਤਕਾਰ ਕੇਸ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਲੈ ਕੇ ਨਵੇਂ-ਨਵੇਂ ਖੁਲਾਸੇ ਲਗਾਤਾਰ ਹੋ ਰਹੇ ਹਨ। ਇਸ ਤਰ੍ਹਾਂ ਦੇ ਹੀ ਇਕ ਹੋਰ ਖੁਲਾਸੇ ਦੇ ਤਹਿਤ ਪਾਸਪੋਰਟ ਵਿਭਾਗ ਨੇ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਅੰਬਾਲਾ 'ਚ ਸਿਰਫ ਅੱਧੇ ਘੰਟੇ ਅੰਦਰ ਰਾਮ ਰਹੀਮ ਨੂੰ ਨਵਾਂ ਪਾਸਪੋਰਟ ਜਾਰੀ ਕਰ ਦਿੱਤਾ ਸੀ। ਰਾਮ ਰਹੀਮ ਨੇ 2015 'ਚ ਟੋਪੀ ਪਾ ਕੇ ਪਾਸਪੋਰਟ ਲਈ ਫੋਟੋ ਖਿਚਵਾਈ ਸੀ, ਵਿਦੇਸ਼ ਮੰਤਰਾਲਾ ਇਸ ਦੀ ਜਾਂਚ ਕਰ ਰਿਹਾ ਹੈ। ਨਿਯਮਾਂ ਅਨੁਸਾਰ ਬਿਨੇਕਾਰ ਪਾਸਪੋਰਟ ਲਈ ਇਸਤੇਮਾਲ ਕੀਤੀ ਜਾਣ ਵਾਲੀ ਫੋਟੋ 'ਚ ਟੋਪੀ ਪਾ ਕੇ ਫੋਟੋ ਨਹੀਂ ਖਿਚਵਾ ਸਕਦਾ। ਸੋ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਰਾਮ ਰਹੀਮ ਦੇ ਖਿਲਾਫ ਪਾਸਪੋਰਟ ਐਕਟ ਦੇ ਤਹਿਤ ਕੇਸ ਦਰਜ ਹੋ ਸਕਦਾ ਹੈ।
ਰਾਮ ਰਹੀਮ ਦੇ ਦੋਵੇਂ ਪਾਸਪੋਰਟਾਂ 'ਚ ਹੈ ਘਪਲਾ
ਹਰਿਆਣਾ ਅਤੇ ਪੰਚਕੂਲਾ ਪੁਲਸ ਵਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ 'ਚ ਪੁਲਸ ਨੂੰ ਰਾਮ ਰਹੀਮ ਦੇ ਦੋ ਪਾਸਪੋਰਟ ਮਿਲੇ ਸਨ । ਇਕ ਪਾਸਪੋਰਟ ਜਿਸ 'ਚ ਉਸਨੇ 2015 'ਚ ਟੋਪੀ ਪਾ ਕੇ ਫੋਟੋ ਖਿਚਵਾਈ ਸੀ। ਇਸ ਤੋਂ ਬਾਅਦ ਦੂਸਰਾ 2017 'ਚ ਜਾਰੀ ਕਰਵਾਇਆ ਸੀ ਜਿਸ 'ਚ ਰਾਮ ਰਹੀਮ ਨੇ ਸਿਰ 'ਤੇ ਟੋਪੀ ਨਹੀਂ ਪਹਿਣੀ ਹੋਈ ਸੀ। ਪਰ ਇਸ ਪਾਸਪੋਰਟ 'ਚ ਵੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਪਾਸਪੋਰਟ 'ਚ ਰਾਮ ਰਹੀਮ ਨੇ ਆਪਣਾ ਨਾਮ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਲਿਖਵਾਇਆ ਹੈ, ਜਦੋਂਕਿ ਨਿਯਮਾਂ ਅਨੁਸਾਰ ਕੋਈ ਵੀ ਬਿਨੈਕਾਰ ਆਪਣੇ ਨਾਮ ਅੱਗੇ ਸੰਤ,ਡਾਕਟਰ, ਪ੍ਰੋਫੈਸਰ ਆਦਿ ਨਹੀਂ ਲਗਾ ਸਕਦਾ। ਅੰਬਾਲਾ ਤੋਂ ਕੁਝ ਹੀ ਮਿੰਟਾਂ 'ਚ ਜਾਰੀ ਹੋਇਆ ਇਹ ਪਾਸਪੋਰਟ, ਆਮਤੌਰ 'ਤੇ ਚੰਡੀਗੜ੍ਹ ਦਫਤਰ ਤੋਂ ਜਾਰੀ ਹੁੰਦਾ ਹੈ, ਕਿਉਂਕਿ ਇਸ ਦੀ ਪ੍ਰਿਟਿੰਗ, ਲੈਮੀਨੇਸ਼ਨ ਸਭ ਕੁਝ ਇਥੇ ਹੀ ਹੁੰਦਾ ਹੈ।
ਫਿਲਮ ਦੀ ਪ੍ਰਮੋਸ਼ਨ ਲਈ ਜਾਰੀ ਕੀਤਾ ਸੀ ਪਾਸਪੋਰਟ
ਰਾਮ ਰਹੀਮ ਨੇ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਵਿਦੇਸ਼ ਜਾਣ ਦੀ ਦਲੀਲ ਦੇ ਕੇ ਕੋਰਟ ਤੋਂ ਪਾਸਪੋਰਟ ਜਾਰੀ ਕਰਵਾਉਣ ਦੀ ਆਗਿਆ ਮੰਗੀ ਸੀ। ਸੀ.ਬੀ.ਆਈ. ਕੋਰਟ ਨੇ ਕੁਝ ਸਮੇਂ ਲਈ ਪਾਸਪੋਰਟ ਜਾਰੀ ਕਰਨ ਦੇ ਹੁਕਮ ਦਿੱਤੇ ਸਨ।
9 ਦੀ ਬਜਾਏ 8 ਵਜੇ ਖੁਲ੍ਹਿਆਂ ਸੀ ਪਾਸਪੋਰਟ ਸਰਵਿਸ ਸੈਂਟਰ
2015 'ਚ ਰਾਮ ਰਹੀਮ ਨੂੰ ਪਾਸਪੋਰਟ ਜਾਰੀ ਕਰਨ ਦੇ ਲਈ ਵਿਦੇਸ਼ ਮੰਤਰਾਲੇ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਅੰਬਾਲਾ ਪਾਸਪੋਰਟ ਸਰਵਿਸ ਸੈਂਟਰ 'ਚ ਸਵੇਰੇ 8 ਵਜੇ ਹੀ ਬੁਲਾ ਲਿਆ ਸੀ। ਰਾਮ ਰਹੀਮ ਦੇ ਲੱਖਾਂ ਸਮਰਥਕ ਵੀ ਸੈਂਟਰ ਦੇ ਬਾਹਰ ਇਕੱਠੇ ਹੋ ਗਏ ਸਨ। ਵਿਦੇਸ਼ ਮੰਤਰਾਲਾ ਇਹ ਵੀ ਜਾਂਚ ਕਰ ਰਿਹਾ ਹੈ ਕਿ ਪਾਸਪੋਰਟ ਦਫਤਰ ਖੁਲ੍ਹਣ ਦਾ ਸਮਾਂ ਤਾਂ ਸਵੇਰੇ 9 ਵਜੇ ਦਾ ਹੈ ਪਰ ਸਮੇਂ ਤੋਂ ਪਹਿਲਾਂ ਅਰਜ਼ੀ ਮੰਨਜ਼ੂਰ ਕਿਵੇਂ ਕੀਤੀ ਗਈ?
ਅੱਧੇ ਘੰਟੇ 'ਚ ਜਾਰੀ ਹੋਇਆ ਪਾਸਪੋਰਟ
ਚੰਡੀਗੜ੍ਹ ਪਾਸਪੋਰਟ ਦਫਤਰ ਦੇ ਅਫਸਰਾਂ ਨੇ ਸਿਰਫ ਅੱਧੇ ਘੰਟੇ 'ਚ ਪਾਸਪੋਰਟ ਜਾਰੀ ਕੀਤਾ ਸੀ। ਇਸ ਦੇ ਲਈ ਰਾਮ ਰਹੀਮ ਨੇ ਹਰਿਆਣਾ ਦੇ ਆਈ.ਪੀ.ਸੀ. ਅਧਿਕਾਰੀ ਤੋਂ ਐਡਵਾਂਸ ਵੈਰੀਫਿਕੇਸ਼ਨ ਸਰਟੀਫਿਕੇਟ ਵੀ ਜਾਰੀ ਕਰਵਾ ਲਿਆ ਸੀ। ਇਸੇ ਅਧਾਰ 'ਤੇ ਚੰਡੀਗੜ੍ਹ ਦੇ ਉਸ ਸਮੇਂ ਪਾਸਪੋਰਟ ਆਫਿਸਰ ਰਹੇ ਰਾਕੇਸ਼ ਅਗਰਵਾਲ ਨੇ ਪਾਸਪੋਰਟ ਜਾਰੀ ਕੀਤਾ ਸੀ। ਵਿਦੇਸ਼ ਮੰਤਰਾਲੇ ਨੇ ਜੁਆਇੰਟ ਸੈਕ੍ਰੇਟਰੀ ਐਂਡ ਚੀਫ ਪਾਸਪੋਰਟ ਆਫਿਸਰ ਅਰੁਣ ਕੁਮਾਰ ਚੈਟਰਜੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ 'ਚ ਕੋਈ ਜਾਣਕਾਰੀ ਨਹੀਂ ਦੇ ਸਕਦੇ।
 


Related News