ਪੰਜਾਬ ਤੋਂ ਵੱਡੀ ਗਿਣਤੀ ’ਚ ਕਿਸਾਨਾਂ ਦਾ ‘ਦਿੱਲੀ ਕੂਚ’, ਕਿਸਾਨ ਮੋਰਚੇ ਨੇ ਲਿਆ ਇਹ ਫ਼ੈਸਲਾ
Saturday, Dec 26, 2020 - 05:01 PM (IST)
ਸੰਗਰੂਰ/ ਹਰਿਆਣਾ (ਹਨੀ ਕੋਹਲੀ): ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਰਹੱਦ ’ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਹਜ਼ਾਰਾਂ ਕਿਸਾਨ ਜੱਥੇ ਦੇ ਰੂਪ ਵਿਚ ਧਰਨੇ ਵਾਲੀ ਥਾਂ ’ਤੇ ਰਵਾਨਾ ਹੋ ਚੁੱਕੇ ਹਨ। ਸ਼ਨੀਵਾਰ ਯਾਨੀ ਕਿ ਅੱਜ ਲੱਗਭਗ 15 ਹਜ਼ਾਰ ਕਿਸਾਨਾਂ ਨੇ ਸੰਗਰੂਰ ਦੇ ਜ਼ਿਲ੍ਹੇ ਖਨੌਰੀ ਤੋਂ ਦਿੱਲੀ ਵੱਲ ਕੂਚ ਕੀਤਾ। ਇਸ ’ਚ ਬੱਚੇ, ਬੀਬੀਆਂ ਅਤੇ ਪੁਰਸ਼ ਸ਼ਾਮਲ ਹਨ। ਇਨ੍ਹਾਂ ਲੋਕਾਂ ਦਾ ਸ਼ੁੱਕਰਵਾਰ ਰਾਤ ਤੋਂ ਹੀ ਖਨੌਰੀ ਸਰਹੱਦ ’ਤੇ ਪੁੱਜਣਾ ਸ਼ੁਰੂ ਹੋ ਗਿਆ ਸੀ। ਉੱਥੇ ਹੀ 27 ਦਸੰਬਰ ਯਾਨੀ ਕਿ ਭਲਕੇ ਐਤਵਾਰ ਨੂੰ ਡਬਵਾਲੀ ਸਰਹੱਦ ਤੋਂ ਲੱਗਭਗ 15 ਹਜ਼ਾਰ ਕਿਸਾਨ ਦਿੱਲੀ ਲਈ ਰਵਾਨਾ ਹੋਣਗੇ। ਦਿੱਲੀ ਕੂਚ ਦੀ ਅਪੀਲ ਸੰਯੁਕਤ ਕਿਸਾਨ ਮੋਰਚਾ ਨੇ ਕੀਤੀ ਹੈ। ਮੋਰਚੇ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀ ਸੱਚਾਈ ਜਨਤਾ ਤੱਕ ਪਹੁੰਚਾਉਣ ਲਈ ਪੰਜਾਬ ਸਮੇਤ ਦੇਸ਼ ਭਰ ’ਚ ਹਿੰਦੀ ਅਤੇ ਪੰਜਾਬੀ ’ਚ ਲੱਗਭਗ 10 ਲੱਖ ਕਿਤਾਬਾਂ ਵੰਡਣ ਦਾ ਫ਼ੈਸਲਾ ਲਿਆ ਹੈ।
ਦਿੱਲੀ ਕੂਚ ਨੂੰ ਸਫ਼ਲ ਬਣਾਉਣ ਲਈ ਦਿੱਲੀ ਚਲੋ ਮੁਹਿੰਮ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹ) ਦੇ ਪ੍ਰਦੇਸ਼ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ, ਜਨਰਲ ਸਕੱਤਰ ਸੁਖਦੇਵ ਸਿੰਘ ਕਾਕੋਰੀ ਕਲਾਂ ਅਤੇ ਸੂਬੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਮੁਤਾਬਕ ਦਿੱਲੀ ਕੂਚ ਦਾ ਫ਼ੈਸਲਾ ਕਿਸਾਨਾਂ ਦੇ ਦਿੱਲੀ ਸਰਹੱਦਾਂ ’ਤੇ ਚੱਲ ਰਹੇ ਧਰਨੇ ਅਤੇ ਅੰਦੋਲਨ ਦੇ ਇਕ ਮਹੀਨਾ ਪੂਰਾ ਕਰ ਲਿਆ ਗਿਆ ਹੈ। ਇਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਦਿਖਾਈ ਦਿੰਦੀ ਹੈ, ਅਜਿਹੇ ’ਚ ਹੁਣ ਅੰਦੋਲਨ ਵਪਾਰਕ ਰੂਪ ਲਵੇਗਾ।
ਕਿਸਾਨ ਜਥੇਬੰਦੀਆਂ ਅੰਦੋਲਨ ਲਈ ਸਮਰਥਨ ਜੁਟਾਉਣ ਲਈ ਸੂਬੇ ਵਿਚ ਬੈਠਕਾਂ ਅਤੇ ਰੈਲੀਆਂ ਵੀ ਆਯੋਜਿਤ ਕਰ ਰਹੇ ਹਨ। ਉੱਥੇ ਹੀ ਵਿਦੇਸ਼ਾਂ ’ਚ ਬੈਠੇ ਪੰਜਾਬੀਆਂ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਵੱਡੀ ਗਿਣਤੀ ’ਚ ਪੰਜਾਬ ਪਹੁੰਚਣ ਅਤੇ ਅੰਦੋਲਨ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਹ ਲੋਕ 30 ਦਸੰਬਰ ਨੂੰ ਸਿੰਘੂ ਸਰਹੱਦ ’ਤੇ ਕਿਸਾਨਾਂ ਦੇ ਅੰਦੋਲਨ ਨਾਲ ਜੁੜਣਗੇ।