ਨਵਜੰਮੇ ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਵੱਡੀ ਗਿਣਤੀ ’ਚ ਹੋ ਰਹੇ ਹਨ ਕੈਂਸਰ ਦੇ ਸ਼ਿਕਾਰ

02/01/2020 8:24:19 PM

ਨਵੀਂ ਦਿੱਲੀ (ਏਜੰਸੀਆਂ)-ਬਚਪਨ ’ਚ ਹੋਣ ਵਾਲੀਆਂ ਬੀਮਾਰੀਆਂ ’ਚ ਕੈਂਸਰ ਮੌਤ ਦੇ ਸਭ ਤੋਂ ਵੱਡੇ ਕਾਰਣ ਦੇ ਰੂਪ ’ਚ ਉਭਰਿਆ ਹੈ। ਨਵਜੰਮੇ ਬੱਚੇ ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਵੱਡੀ ਗਿਣਤੀ ’ਚ ਕੈਂਸਰ ਦੇ ਸ਼ਿਕਾਰ ਹੋ ਰਹੇ ਹਨ। ਬੱਚਿਆਂ ’ਚ ਕੈਂਸਰ ਦੇ ਲੱਛਣ ਕਈ ਵਾਰ ਸਿੱਧੇ ਤੌਰ ’ਤੇ ਦਿਖਾਈ ਨਹੀਂ ਦਿੰਦੇ, ਜਿਸ ਕਾਰਣ ਇਸ ਜਾਨਲੇਵਾ ਬੀਮਾਰੀ ਦਾ ਪਤਾ ਦੇਰੀ ਨਾਲ ਲੱਗਦਾ ਹੈ। ਹਾਲਾਂਕਿ ਕੁਝ ਤਰੀਕੇ ਹਨ, ਜਿਨ੍ਹਾਂ ’ਤੇ ਗੌਰ ਕੀਤਾ ਜਾਵੇ ਤਾਂ ਇਸ ਬੀਮਾਰੀ ਦਾ ਪਤਾ ਛੇਤੀ ਵੀ ਲਾਇਆ ਜਾ ਸਕਦਾ ਹੈ।

ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਦੇ ਪੀਡੀਆਟ੍ਰਿਕ ਹੀਮੋਟੋਲਾਜੀ, ਓਕੋਲਾਜੀ ਅਤੇ ਬੋਨਮੈਰੋ ਟ੍ਰਾਂਸਪਲਾਂਟ ਦੇ ਐਡੀਸ਼ਨਲ ਡਾਇਰੈਕਟਰ ਅਤੇ ਐੱਚ. ਓ. ਡੀ. ਡਾ. ਵਿਕਾਸ ਦੂਆ ਨੇ ਬੱਚਿਆਂ ’ਚ ਹੋਣ ਵਾਲੇ 4 ਪ੍ਰਮੁੱਖ ਕੈਂਸਰ ਅਤੇ ਉਨ੍ਹਾਂ ਦੇ ਲੱਛਣਾਂ ਬਾਰੇ ਦੱਸਿਆ।

ਐਕਿਊਟ ਲਿਊਕੇਮੀਆ : ਲਿਊਕੇਮੀਆ ਬੱਚਿਆਂ ’ਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਹੈ। ਆਮ ਤੌਰ ’ਤੇ ਇਹ 2 ਤੋਂ 4 ਸਾਲ ਦੀ ਉਮਰ ਦੇ ਬੱਚਿਆਂ ਨੂੰ ਆਪਣੀ ਲਪੇਟ ’ਚ ਲੈਂਦਾ ਹੈ। ਲਿਊਕੇਮੀਆ ਬੋਨਮੈਰੋ ਦਾ ਕੈਂਸਰ ਹੈ। ਇਸ ਦੇ ਸ਼ਿਕਾਰ ਬੱਚਿਆਂ ’ਚ 4 ’ਚੋਂ 3 ਮਾਮਲੇ ਐਕਿਊਟ ਲਿਮਫੋਬਲਾਸਟਿਕ ਲਿਊਕੇਮੀਆ ਦੇ ਹੁੰਦੇ ਹਨ। ਉਥੇ ਹੀ ਬਚਿਆ ਹੋਇਆ ਇਕ ਕੇਸ ਐਕਿਊਟ ਮਿਲਾਈਡ ਲਿਊਕੇਮੀਆ ਦਾ ਹੁੰਦਾ ਹੈ।

ਲਿਊਕੇਮੀਆ ਦੇ ਲੱਛਣ : ਹੱਡੀਆਂ ਅਤੇ ਜੋੜਾਂ ’ਚ ਦਰਦ, ਥਕਾਵਟ, ਕਮਜ਼ੋਰੀ, ਖੂਨ ਦੇ ਰਿਸਾਅ, ਲੰਮੇ ਸਮੇਂ ਤੱਕ ਬੁਖਾਰ, ਭਾਰ ਘੱਟ ਹੋਣਾ।

ਬ੍ਰੇਨ ਟਿਊਮਰ : ਬ੍ਰੇਨ ਟਿਊਮਰ ਜਾਂ ਨਰਵ ਸਿਸਟਮ ’ਚ ਹੋਣ ਵਾਲੇ ਟਿਊਮਰ ਬੱਚਿਆਂ ’ਚ ਹੋਣ ਵਾਲਾ ਦੂਜਾ ਪ੍ਰਮੁੱਖ ਕੈਂਸਰ ਹੈ। ਬ੍ਰੇਨ ਟਿਊਮਰ ਕਈ ਪ੍ਰਕਾਰ ਦੇ ਹੁੰਦੇ ਹਨ ਅਤੇ ਉਨ੍ਹਾਂ ਸਾਰਿਆਂ ਦੇ ਲੱਛਣ ਅਤੇ ਇਲਾਜ ਵੱਖ-ਵੱਖ ਹਨ। ਬੱਚਿਆਂ ’ਚ ਬ੍ਰੇਨ ਟਿਊਮਰ ਦੀ ਗੱਲ ਕਰੀਏ ਤਾਂ ਇਹ ਉਨ੍ਹਾਂ ਦੇ ਦਿਮਾਗ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੁੰਦਾ ਹੈ। ਹਾਲਾਂਕਿ ਬੱਚਿਆਂ ਅਤੇ ਬਾਲਗਾਂ ’ਚ ਹੋਣ ਵਾਲੇ ਬ੍ਰੇਨ ਟਿਊਮਰ ’ਚ ਫਰਕ ਹੁੰਦਾ ਹੈ ਅਤੇ ਪਰ ਇਸ ਦੇ ਲੱਛਣ ਇਕੋ-ਜਿਹੇ ਹੁੰਦੇ ਹਨ।

ਬ੍ਰੇਨ ਟਿਊਮਰ ਦੇ ਲੱਛਣ : ਸਿਰਦਰਦ (ਸਵੇਰੇ ਉਲਟੀ ਹੋਣ ਦੇ ਨਾਲ), ਚੱਕਰ ਆਉਣਾ, ਸੰਤੁਲਨ ’ਚ ਸਮੱਸਿਆ, ਦੇਖਣ, ਸੁਣਨ ਜਾਂ ਬੋਲਣ ’ਚ ਸਮੱਸਿਆ, ਲਗਾਤਾਰ ਉਲਟੀਆਂ ਆਉਣਾ।

ਨਿਊਰੋਬਲਾਸਟੋਮਾ : ਇਹ ਬੀਮਾਰੀ ਨਵਜੰਮੇ ਅਤੇ ਬਹੁਤ ਘੱਟ ਉਮਰ ਦੇ ਬੱਚਿਆਂ ’ਚ ਅਵਿਕਸਿਤ ਨਰਵ ਸੈੱਲ ਨਾਲ ਸ਼ੁਰੂ ਹੁੰਦੀ ਹੈ। ਜ਼ਿਆਦਾਤਰ ਇਹ ਬੀਮਾਰੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਹੁੰਦੀ ਹੈ। ਇਹ ਬੀਮਾਰੀ ਆਮ ਤੌਰ ’ਤੇ ਏਡ੍ਰੇਨਲ ਗਲੈਂਡ ਨਾਲ ਸ਼ੁਰੂ ਹੁੰਦੀ ਹੈ।

ਨਿਊਰੋਬਲਾਸਟੋਮਾ ਦੇ ਲੱਛਣ : ਚੱਲਣ ’ਚ ਸੰਤੁਲਨ ਵਿਗੜਨਾ, ਅੱਖਾਂ ’ਚ ਬਦਲਾਅ ਆਉਣਾ (ਅੱਖਾਂ ਭਿੱਜੀਆਂ ਰਹਿਣੀਆਂ), ਸਰੀਰ ਦੇ ਵੱਖ-ਵੱਖ ਹਿੱਸਿਆਂ ’ਚ ਦਰਦ ਰਹਿਣਾ।

ਇਮਿਊਨ ਸਿਸਟਮ ਦੀਆਂ ਕੁਝ ਕੋਸ਼ਿਕਾਵਾਂ ਤੋਂ ਸ਼ੁਰੂ ਹੋਣ ਵਾਲੇ ਹਾਈ ਬਲੱਡ ਪ੍ਰੈਸ਼ਰ ਲਿਮਫੋਮਾ ਨੂੰ ਲਿਓਮਫੋਸਿਟਸ ਕਹਿੰਦੇ ਹਨ। ਇਹ ਕੈਂਸਰ ਲਸੀਕਾਪਰਵ ਅਤੇ ਲਸੀਕਾ ਟਿਸ਼ੂ ਵਰਗੇ ਟਾਂਸਿਲਸ ’ਤੇ ਅਸਰ ਪਾਉਂਦਾ ਹੈ। ਇਹ ਬੋਨਮੈਰੋ ਅਤੇ ਅੰਗਾਂ ’ਤੇ ਨਾਂਹ-ਪੱਖੀ ਅਸਰ ਪਾਉਂਦਾ ਹੈ, ਨਾਲ ਹੀ ਜਿਸ ਥਾਂ ’ਤੇ ਇਹ ਕੈਂਸਰ ਫੈਲ ਰਿਹਾ ਹੈ, ਉਸ ਥਾਂ ਦੇ ਮੁਤਾਬਿਕ ਵੀ ਇਸ ਦੇ ਹੋਰ ਲੱਛਣ ਹੁੰਦੇ ਹਨ।

ਹਾਜਕਿਨਸ ਲਿਮਫੋਮਾ : ਉਂਝ ਹਾਜਕਿਨਸ ਲਿਮਫੋਮਾ ਨਾਂ ਦੀ ਬੀਮਾਰੀ 5 ਸਾਲ ਤੱਕ ਦੇ ਬੱਚਿਆਂ ’ਚ ਨਹੀਂ ਹੁੰਦੀ। ਕੈਂਸਰ ਦੀ ਇਹ ਕਿਸਮ ਬੱਚਿਆਂ ਅਤੇ ਬਾਲਗਾਂ ’ਚ ਇਕੋ-ਜਿਹੀ ਹੁੰਦੀ ਹੈ, ਇਥੋਂ ਤੱਕ ਕਿ ਇਕ ਹੀ ਤਰ੍ਹਾਂ ਦਾ ਇਲਾਜ ਵੀ ਦੋਵਾਂ ਲਈ ਮਦਦਗਾਰ ਹੁੰਦਾ ਹੈ।

ਨਾਨ-ਹਾਜਕਿਨਸ ਲਿਮਫੋਮਾ : ਹਾਜਕਿਨਸ ਲਿਮਫੋਮਾ ਦੀ ਤੁਲਨਾ ’ਚ ਨਾਨ-ਹਾਜਕਿਨਸ ਲਿਮਫੋਮਾ ਘੱਟ ਉਮਰ ਦੇ ਬੱਚਿਆਂ ’ਚ ਜ਼ਿਆਦਾ ਪਾਇਆ ਜਾਂਦਾ ਹੈ, ਫਿਰ ਵੀ ਇਹ ਕੈਂਸਰ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਘੱਟ ਹੀ ਦੇਖਿਆ ਜਾਂਦਾ ਹੈ। ਇਸ ਕੈਂਸਰ ਦੇ ਲੱਛਣ ਬੱਚਿਆਂ ਅਤੇ ਬਾਲਗਾਂ ’ਚ ਵੱਖ-ਵੱਖ ਹੁੰਦੇ ਹਨ।

ਆਮ ਤੌਰ ’ਤੇ ਇਹ ਕੈਂਸਰ ਤੇਜ਼ੀ ਨਾਲ ਫੈਲਦਾ ਹੈ, ਜਿਸ ਕਾਰਣ ਇਸ ਨੂੰ ਤੁਰੰਤ ਗੰਭੀਰ ਟ੍ਰੀਟਮੈਂਟ ਦੀ ਲੋੜ ਹੁੰਦੀ ਹੈ। ਹਾਲਾਂਕਿ ਬੱਚਿਆਂ ’ਚ ਇਸ ਬੀਮਾਰੀ ਦਾ ਇਲਾਜ ਬਾਲਗਾਂ ਦੀ ਤੁਲਨਾ ’ਚ ਬਿਹਤਰ ਨਤੀਜੇ ਦਿੰਦਾ ਹੈ।

ਲਿਮਫੋਮਾ ਦੇ ਲੱਛਣ : ਗਲ਼ੇ ਦੀ ਲਿਮਫ ਨੋਡਸ ਯਾਨੀ ਲਸੀਕਾਪਰਵ ’ਚ ਸੋਜ ਆਉਣਾ, ਤੇਜ਼ੀ ਨਾਲ ਭਾਰ ਘੱਟ ਹੋਣਾ, ਬੁਖਾਰ, ਰਾਤ ਸਮੇਂ ਪਸੀਨਾ ਆਉਣਾ, ਕਮਜ਼ੋਰੀ ਆਉਣਾ।


Karan Kumar

Content Editor

Related News