ਹਿਮਾਚਲ ''ਚ ਸੈਲਾਨੀਆਂ ਦਾ ਉਮੜਿਆ ਸੈਲਾਬ, ਸੈਰ-ਸਪਾਟਾ ਕਾਰੋਬਾਰੀਆਂ ਦੇ ਖਿੜੇ ਚਿਹਰੇ

Saturday, Nov 16, 2024 - 01:15 PM (IST)

ਹਿਮਾਚਲ ''ਚ ਸੈਲਾਨੀਆਂ ਦਾ ਉਮੜਿਆ ਸੈਲਾਬ, ਸੈਰ-ਸਪਾਟਾ ਕਾਰੋਬਾਰੀਆਂ ਦੇ ਖਿੜੇ ਚਿਹਰੇ

ਸ਼ਿਮਲਾ- ਇਸ ਹਫਤੇ ਦੇ ਅਖ਼ੀਰ 'ਚ ਤਿੰਨ ਦਿਨਾਂ ਦੀਆਂ ਛੁੱਟੀਆਂ ਨੇ ਹਿਮਾਚਲ ਪ੍ਰਦੇਸ਼ 'ਚ ਸੈਲਾਨੀਆਂ ਦਾ ਤਾਂਤਾ ਲਾ ਦਿੱਤਾ ਹੈ। ਸ਼ਿਮਲਾ, ਕੁਫਰੀ, ਕਸੌਲੀ, ਨਾਰਕੰਡਾ, ਮਨਾਲੀ ਅਤੇ ਧਰਮਸ਼ਾਲਾ ਵਰਗੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ 'ਤੇ ਸੈਲਾਨੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਖਾਸ ਕਰਕੇ ਰੋਹਤਾਂਗ ਸਮੇਤ ਸੂਬੇ ਦੀਆਂ ਉੱਚੀਆਂ ਚੋਟੀਆਂ 'ਤੇ ਹਲਕੀ ਬਰਫਬਾਰੀ ਤੋਂ ਬਾਅਦ ਸੈਲਾਨੀਆਂ ਦੀ ਆਮਦ ਵਧੀ ਹੈ।

ਹੋਟਲਾਂ 'ਚ ਬੁਕਿੰਗ ਵਧੀ

ਹਿਮਾਚਲ ਪ੍ਰਦੇਸ਼ ਦੇ ਹੋਟਲਾਂ 'ਚ ਵੀਕੈਂਡ 'ਤੇ 50 ਫੀਸਦੀ ਤੱਕ ਬੁਕਿੰਗ ਹੋ ਚੁੱਕੀ ਹੈ, ਜਿਸ ਕਾਰਨ ਸੈਰ-ਸਪਾਟਾ ਕਾਰੋਬਾਰੀ ਕਾਫੀ ਉਤਸ਼ਾਹਿਤ ਹਨ। ਫੈਡਰੇਸ਼ਨ ਆਫ ਆਲ ਹਿਮਾਚਲ ਹੋਟਲਜ਼ ਐਂਡ ਰੈਸਟੋਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗਜੇਂਦਰ ਸਿੰਘ ਠਾਕੁਰ ਮੁਤਾਬਕ ਹਿਮਾਚਲ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨ ਲੰਬੇ ਵੀਕੈਂਡ 'ਤੇ ਸੈਲਾਨੀਆਂ ਨਾਲ ਖਚਾਖਚ ਭਰੇ ਹੋਏ ਹਨ ਅਤੇ ਇਸ ਨਾਲ ਆਉਣ ਵਾਲੇ ਦਿਨਾਂ ਵਿਚ ਚੰਗਾ ਕਾਰੋਬਾਰ ਹੋਣ ਦੀ ਉਮੀਦ ਹੈ।

ਰੋਹਤਾਂਗ ਅਤੇ ਮਨਾਲੀ 'ਚ ਵਧੀ ਭੀੜ

ਰੋਹਤਾਂਗ 'ਚ ਹਲਕੀ ਬਰਫਬਾਰੀ ਤੋਂ ਬਾਅਦ ਮਨਾਲੀ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਪਿਛਲੇ ਇਕ ਹਫ਼ਤੇ 'ਚ ਮਨਾਲੀ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਦੇ ਨਾਲ ਹੀ ਸ਼ਿਮਲਾ, ਕਸੌਲੀ, ਕੁਫਰੀ ਅਤੇ ਨਾਰਕੰਡਾ ਵਿਚ ਵੀ ਸੈਲਾਨੀਆਂ ਦੀ ਭੀੜ ਦੇਖਣ ਨੂੰ ਮਿਲੀ। ਸ਼ਿਮਲਾ ਦੇ ਰਿਜ ਗਰਾਊਂਡ ਅਤੇ ਮਾਲ ਰੋਡ 'ਤੇ ਸੈਲਾਨੀਆਂ ਦੀ ਭੀੜ ਸੀ, ਜਦਕਿ ਕੁਫਰੀ 'ਚ ਸੈਲਾਨੀ ਘੋੜ ਸਵਾਰੀ ਦਾ ਆਨੰਦ ਲੈਂਦੇ ਵੇਖੇ ਗਏ। 

ਸੈਲਾਨੀਆਂ ਦੀ ਗਿਣਤੀ 'ਚ ਹੋਰ ਵਾਧਾ ਹੋਣ ਦੀ ਉਮੀਦ

ਟਰੈਵਲ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਪਾਲ ਨੇ ਦੱਸਿਆ ਕਿ ਬਰਫਬਾਰੀ ਕਾਰਨ ਮਨਾਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸੈਲਾਨੀਆਂ ਦੀ ਗਿਣਤੀ ਵਧ ਗਈ ਹੈ। ਤਿੰਨ ਦਿਨ ਵੀਕਐਂਡ ਛੁੱਟੀਆਂ ਦੇ ਪੈਕੇਜਾਂ ਨੇ ਵੱਡੀ ਗਿਣਤੀ 'ਚ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਹੈ। ਇਸ ਸਮੇਂ ਹੋਟਲਾਂ ਦੀ ਬੁਕਿੰਗ 50 ਫ਼ੀਸਦੀ ਤੱਕ ਪਹੁੰਚ ਗਈ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਬਰਫਬਾਰੀ ਹੋਰ ਵਧੀ ਤਾਂ ਸੈਲਾਨੀਆਂ ਦੀ ਗਿਣਤੀ 'ਚ ਹੋਰ ਵਾਧਾ ਹੋਵੇਗਾ।
 


author

Tanu

Content Editor

Related News