ਦਿੱਲੀ ਦੇ ਕੰਝਾਵਲਾ ਮਾਮਲੇ 'ਚ ਆਇਆ ਨਵਾਂ ਮੋੜ, ਘਟਨਾ ਸਮੇਂ ਕੁੜੀ ਨਾਲ ਮੌਜੂਦ ਸੀ ਉਸ ਦੀ ਸਹੇਲੀ

Tuesday, Jan 03, 2023 - 12:13 PM (IST)

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਦੇ ਕੰਝਾਵਲਾ ਵਿਖੇ ਐਤਵਾਰ ਨੂੰ ਵਾਪਰੀ ਘਟਨਾ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤਾ ਇਕੱਲੀ ਨਹੀਂ ਸੀ, ਸਗੋਂ ਉਸ ਦੀ ਇਕ ਸਹੇਲੀ ਵੀ ਸੀ ਜੋ ਡਰ ਦੇ ਮਾਰੇ ਮੌਕੇ ਤੋਂ ਭੱਜ ਗਈ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੁੜੀ ਦੀ ਸਹੇਲੀ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ। ਪੁਲਸ ਮੁਤਾਬਕ ਕੰਝਾਵਲਾ 'ਚ ਇਕ 20 ਸਾਲਾ ਕੁੜੀ ਦੀ ਸਕੂਟੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਸੁਲਤਾਨਪੁਰੀ ਤੋਂ ਕੰਝਾਵਲਾ ਤੱਕ ਕਰੀਬ 12 ਕਿਲੋਮੀਟਰ ਤੱਕ ਘਸੀਟ ਕੇ ਲੈ ਗਈ। ਐਤਵਾਰ ਨੂੰ ਇਸ ਹਾਦਸੇ 'ਚ ਕੁੜੀ ਦੀ ਮੌਤ ਹੋ ਗਈ ਸੀ। ਪੁਲਸ ਵੱਲੋਂ ਹਾਸਲ ਕੀਤੀ ਸੀਸੀਟੀਵੀ ਫੁਟੇਜ 'ਚ ਕੁੜੀ ਨਵੇਂ ਸਾਲ ਦੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਤੜਕੇ 2.45 ਵਜੇ ਇਕ ਹੋਟਲ 'ਚੋਂ ਨਿਕਲਦੀ ਦਿਖਾਈ ਦੇ ਰਹੀ ਹੈ। ਉਸ ਨੇ ਇਕ ਗੁਲਾਬੀ ਟੀ-ਸ਼ਰਟ ਪਾਈ ਹੋਈ ਸੀ ਅਤੇ ਉਸ ਦੀ ਸਹੇਲੀ ਨੇ ਲਾਲ ਟੀ-ਸ਼ਰਟ ਪਾਈ ਹੋਈ ਸੀ। ਪਹਿਲਾਂ ਤਾਂ ਉਸ ਦੀ ਸਹੇਲੀ ਸਕੂਟੀ ਚਲਾ ਰਹੀ ਸੀ ਅਤੇ ਕੁੜੀ ਪਿੱਛੇ ਬੈਠੀ ਸੀ। ਪੁਲਸ ਮੁਤਾਬਕ ਬਾਅਦ 'ਚ ਫੁਟੇਜ 'ਚ ਕੁੜੀ ਸਕੂਟੀ ਚਲਾਉਂਦੀ ਦਿਖਾਈ ਦੇ ਰਹੀ ਹੈ ਅਤੇ ਉਸ ਦੀ ਸਹੇਲੀ ਪਿੱਛੇ ਬੈਠੀ ਦਿਖਾਈ ਦੇ ਰਹੀ ਹੈ। ਪੁਲਸ ਨੇ ਦੱਸਿਆ ਕਿ ਉਸ ਦੀ ਸਹੇਲੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਹ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਈ, ਜਦੋਂ ਕਿ ਕੁੜੀ ਕਾਰ ਦੇ ਹੇਠਾਂ ਫਸ ਗਈ ਜੋ ਉਸ ਨੂੰ ਖਿੱਚ ਕੇ ਲੈ ਗਈ। ਪੁਲਸ ਅਨੁਸਾਰ ਕਾਰ ਉਸ ਨੂੰ ਕਰੀਬ 12 ਕਿਲੋਮੀਟਰ ਤੱਕ ਘਸੀਟਦੀ ਰਹੀ ਅਤੇ ਬਾਅਦ 'ਚ ਉਸ ਦੀ ਨਗਨ ਲਾਸ਼ ਕੰਝਾਵਲਾ 'ਚ ਸੜਕ ’ਤੇ ਪਈ ਮਿਲੀ।

ਇਹ ਵੀ ਪੜ੍ਹੋ : ਦਿੱਲੀ 'ਚ ਸਕੂਟੀ ਸਵਾਰ ਕੁੜੀ ਦੀ ਮੌਤ 'ਤੇ ਬੋਲੇ LG ਸਕਸੈਨਾ, 'ਸ਼ਰਮ ਨਾਲ ਸਿਰ ਝੁਕ ਗਿਆ'

ਕੁੜੀ ਆਪਣੇ ਪਰਿਵਾਰ ਵਿਚ ਇਕਲੌਤੀ ਕਮਾਉਣ ਵਾਲੀ ਸੀ। ਪੁਲਸ ਨੇ ਕਿਹਾ ਕਿ ਜਾਂਚ ਟੀਮ ਮੁਲਜ਼ਮਾਂ ਨੂੰ ਮੌਕੇ 'ਤੇ ਲੈ ਕੇ ਘਟਨਾਕ੍ਰਮ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਜੋ ਸਾਰੀਆਂ ਕੜੀਆਂ ਜੋੜੀਆਂ ਜਾ ਸਕਣ। ਸੋਮਵਾਰ ਨੂੰ ਕਥਿਤ ਤੌਰ 'ਤੇ ਕਾਰ 'ਚ ਸਫ਼ਰ ਕਰ ਰਹੇ 5 ਲੋਕਾਂ ਦੇ ਖ਼ਿਲਾਫ਼ ਗੈਰ-ਇਰਾਦਤਨ ਕਤਲ ਸਮੇਤ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ 'ਤੇ ਜਾਂਚ 'ਚ ਢਿੱਲ-ਮੱਠ ਦੇ ਦੋਸ਼ ਲੱਗ ਰਹੇ ਹਨ। ਮੈਡੀਕਲ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ, ਜਿਸ ਦੀ ਰਿਪੋਰਟ ਆਉਣ 'ਤੇ ਪਤਾ ਲੱਗੇਗਾ ਕਿ ਕੁੜੀ ਨਾਲ ਜਬਰ ਜ਼ਿਨਾਹ ਹੋਇਆ ਜਾਂ ਨਹੀਂ। ਇਸ ਘਟਨਾ ਨੂੰ ਲੈ ਕੇ ਗੁੱਸਾ ਵਧਦੇ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ 'ਤੇ ਦਿੱਲੀ ਪੁਲਸ ਤੋਂ ਮਾਮਲੇ 'ਤੇ ਵਿਸਤ੍ਰਿਤ ਰਿਪੋਰਟ ਮੰਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਵਿਸ਼ੇਸ਼ ਕਮਿਸ਼ਨਰ ਸ਼ਾਲਿਨੀ ਸਿੰਘ ਦੀ ਅਗਵਾਈ 'ਚ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਹੈ ਅਤੇ ਉਸ ਨੂੰ ਆਪਣੀ ਜਾਂਚ ਰਿਪੋਰਟ ਜਲਦੀ ਤੋਂ ਜਲਦੀ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸਾਰੇ 5 ਦੋਸ਼ੀਆਂ ਨੂੰ ਸੋਮਵਾਰ ਨੂੰ ਅਦਾਲਤ ਨੇ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਪਹਿਲੀ ਨਜ਼ਰੇ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਘਟਨਾ ਸਮੇਂ ਦੋਸ਼ੀ ਨਸ਼ੇ 'ਚ ਸਨ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੂਨ ਦੇ ਨਮੂਨੇ ਮੈਡੀਕਲ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਘਟਨਾ ਸਮੇਂ ਉਹ ਨਸ਼ੇ 'ਚ ਸਨ ਜਾਂ ਨਹੀਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News