ਚਾਰ ਮੰਜ਼ਿਲਾ ਇਮਾਰਤ ਦੀ ਪਾਰਕਿੰਗ ''ਚ ਲੱਗੀ ਅੱਗ, 6 ਔਰਤਾਂ ਸਣੇ 14 ਲੋਕ ਹਸਪਤਾਲ ''ਚ ਦਾਖ਼ਲ

Sunday, Aug 11, 2024 - 10:17 PM (IST)

ਨਵੀਂ ਦਿੱਲੀ : ਦਿੱਲੀ ਦੇ ਅਸੋਲਾ ਪਿੰਡ 'ਚ ਐਤਵਾਰ ਨੂੰ ਇਕ ਇਮਾਰਤ ਦੇ ਪਾਰਕਿੰਗ ਖੇਤਰ 'ਚ ਅੱਗ ਲੱਗਣ ਕਾਰਨ 2 ਲੋਕ ਜ਼ਖਮੀ ਹੋ ਗਏ, ਜਦਕਿ 12 ਹੋਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਫਾਇਰ ਸਰਵਿਸਿਜ਼ ਡਿਪਾਰਟਮੈਂਟ (ਡੀਐੱਫਐੱਸ) ਦੇ ਇਕ ਅਧਿਕਾਰੀ ਨੇ ਕਿਹਾ, “ਸਾਨੂੰ ਸਵੇਰੇ 5.01 ਵਜੇ ਇਕ ਇਮਾਰਤ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਤਿੰਨ ਫਾਇਰ ਟੈਂਕਰ ਭੇਜੇ ਗਏ। ਸਵੇਰੇ 6.50 ਵਜੇ ਤੱਕ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।

ਡੀਐੱਫਐੱਸ ਅਧਿਕਾਰੀ ਨੇ ਦੱਸਿਆ ਕਿ ਅੱਗ ਨੇ ਪਹਿਲਾਂ 'ਸਟਿਲਟ ਪਾਰਕਿੰਗ' ਵਿਚ ਕੁਝ ਵਾਹਨਾਂ ਅਤੇ ਇਕ ਇਲੈਕਟ੍ਰਿਕ ਮੀਟਰ ਬੋਰਡ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਬਾਅਦ ਵਿਚ ਪੂਰੀ ਇਮਾਰਤ ਵਿਚ ਫੈਲ ਗਈ। ਇਸੇ ਦੌਰਾਨ ਪੁਲਸ ਨੇ ਜਾਰੀ ਬਿਆਨ ਵਿਚ ਕਿਹਾ ਕਿ ਪਿੰਡ ਅਸੋਲਾ ਵਿਚ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮੈਦਾਨ ਗੜ੍ਹੀ ਪੁਲਸ ਸਟੇਸ਼ਨ ਨੂੰ ਮਿਲੀ।

ਪੁਲਸ ਨੇ ਦੱਸਿਆ, ''ਮੌਕੇ 'ਤੇ ਪਹੁੰਚ ਕੇ ਪਤਾ ਲੱਗਾ ਕਿ ਜਗਬੀਰ ਕਾਲੋਨੀ 'ਚ ਚਾਰ ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ ਹੋਈ ਹੈ। ਫਲੈਟਾਂ ਵਿਚ ਰਹਿੰਦੇ ਲੋਕਾਂ ਨੂੰ ਬਚਾਇਆ ਗਿਆ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਅੱਗ ਬੁਝਾਈ ਗਈ। ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਗਰਾਊਂਡ ਫਲੋਰ 'ਤੇ ਲੱਗੀ ਹੈ। ਸਾਹ ਲੈਣ ਵਿਚ ਤਕਲੀਫ਼ ਜਾਂ ਸੱਟਾਂ ਤੋਂ ਪੀੜਤ ਕੁੱਲ 14 ਲੋਕਾਂ (6 ਔਰਤਾਂ, 4 ਬੱਚੇ ਅਤੇ 4 ਮਰਦ) ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਅਤੇ ਸਫਦਰਜੰਗ ਹਸਪਤਾਲ ਦੇ ਟਰੌਮਾ ਸੈਂਟਰ ਵਿਚ ਭੇਜਿਆ ਗਿਆ। ਇਕ ਪੁਲਸ ਅਧਿਕਾਰੀ ਨੇ ਕਿਹਾ, “ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News