ਇਕ ਮਹੀਨੇ ’ਚ ਟਮਾਟਰ ਵੇਚ ਕੇ ਕਰੋੜਪਤੀ ਬਣਿਆ ਕਿਸਾਨ, 13 ਹਜ਼ਾਰ ਕ੍ਰੇਟ ਵੇਚ ਕੇ ਕਮਾਏ ਡੇਢ ਕਰੋੜ

Sunday, Jul 16, 2023 - 10:51 AM (IST)

ਇਕ ਮਹੀਨੇ ’ਚ ਟਮਾਟਰ ਵੇਚ ਕੇ ਕਰੋੜਪਤੀ ਬਣਿਆ ਕਿਸਾਨ, 13 ਹਜ਼ਾਰ ਕ੍ਰੇਟ ਵੇਚ ਕੇ ਕਮਾਏ ਡੇਢ ਕਰੋੜ

ਪੁਣੇ- ਪੂਰੇ ਦੇਸ਼ ’ਚ ਟਮਾਟਰ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਹੈ। ਇਸੇ ਵਿਚਾਲੇ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਇਕ ਕਿਸਾਨ ਤੁਕਾਰਾਮ ਭਾਗੋਜੀ ਗਾਇਕਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਟਮਾਟਰਾਂ ਦੇ 13,000 ਕ੍ਰੇਟ ਵੇਚ ਕੇ ਡੇਢ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।

12 ਕਿੱਲਿਆਂ ’ਚ ਬੀਜੀ ਟਮਾਟਰ ਦੀ ਫਸਲ

ਤੁਕਾਰਾਮ ਕੋਲ 18 ਕਿੱਲੇ ਵਾਹੀਯੋਗ ਜ਼ਮੀਨ ਹੈ ਅਤੇ ਉਹ 12 ਕਿੱਲਿਆਂ ’ਚ ਆਪਣੇ ਪੁੱਤਰ ਈਸ਼ਵਰ ਗਾਇਕਰ ਅਤੇ ਨੂੰਹ ਸੋਨਾਲੀ ਦੀ ਮਦਦ ਨਾਲ ਵਧੀਆ ਗੁਣਵੱਤਾ ਵਾਲੇ ਟਮਾਟਰ ਉਗਾਉਂਦਾ ਹੈ। ਖਾਦ ਅਤੇ ਕੀੜੇਮਾਰ ਦਵਾਈਆਂ ਉਸਦੀ ਫਸਲ ਨੂੰ ਬਚਾਉਂਦੇ ਹਨ। ਨਾਰਾਇਣਗੰਜ ’ਚ ਟਮਾਟਰ ਦੇ ਇਕ ਕ੍ਰੇਟ ਦਾ ਮੁੱਲ 2,100 ਰੁਪਏ ਸੀ। ਗਾਇਕਰ ਨੇ ਕੁੱਲ 900 ਕ੍ਰੇਟ ਵੇਚੇ, ਜਿਸ ਨਾਲ ਉਸ ਨੂੰ ਇਕ ਹੀ ਦਿਨ ’ਚ 18 ਲੱਖ ਰੁਪਏ ਦੀ ਕਮਾਈ ਹੋਈ। ਪਿਛਲੇ ਮਹੀਨੇ ਉਹ ਗੁਣਵੱਤਾ ਦੇ ਆਧਾਰ ’ਤੇ 1,000 ਤੋਂ 2,400 ਰੁਪਏ ਪ੍ਰਤੀ ਕ੍ਰੇਟ ਦੇ ਮੁੱਲ ’ਤੇ ਟਮਾਟਰ ਦੇ ਕ੍ਰੇਟ ਵੇਚਣ ਦੇ ਸਮਰੱਥ ਸੀ। ਪੁਣੇ ਜ਼ਿਲੇ ਦੇ ਇਕ ਹੋਰ ਸ਼ਹਿਰ ਜੁਨਾਰ ’ਚ ਕਈ ਕਿਸਾਨ, ਜੋ ਹੁਣ ਟਮਾਟਰ ਉਗਾ ਰਹੇ ਹਨ, ਕਰੋੜਪਤੀ ਬਣ ਗਏ ਹਨ। ਕਮੇਟੀ ਨੇ ਟਮਾਟਰ ਵੇਚ ਕੇ ਇਕ ਮਹੀਨੇ ’ਚ 80 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ ਅਤੇ ਇਸ ਨਾਲ ਇਸ ਇਲਾਕੇ ਦੀਆਂ 100 ਤੋਂ ਵੱਧ ਔਰਤਾਂ ਨੂੰ ਰੋਜ਼ਗਾਰ ਵੀ ਮਿਲਿਆ।

ਮੰਡੀ ’ਚ 20 ਕਿਲੋਗ੍ਰਾਮ ਟਮਾਟਰਾਂ ਦਾ ਮੁੱਲ 2,500 ਰੁਪਏ

ਜਿੱਥੇ ਤੁਕਾਰਾਮ ਦੀ ਨੂੰਹ ਸੋਨਾਲੀ ਬਿਜਾਈ, ਵਾਢੀ, ਪੈਕੇਜਿੰਗ ਵਰਗੇ ਕੰਮਾਂ ਦੀ ਦੇਖਭਾਲ ਕਰਦੀ ਹੈ, ਉੱਥੇ ਹੀ ਉਸਦਾ ਲੜਕਾ ਈਸ਼ਵਰ ਵਿਕਰੀ, ਪ੍ਰਬੰਧਨ ਅਤੇ ਵਿੱਤੀ ਯੋਜਨਾ ਦਾ ਕੰਮ ਸੰਭਾਲਦਾ ਹੈ। ਤੁਕਾਰਾਮ ਨੂੰ ਪਿਛਲੇ 3 ਮਹੀਨਿਆਂ ਦੀ ਮਿਹਨਤ ਦਾ ਬਹੁਤ ਵਧੀਆ ਫਲ ਮਿਲਿਆ ਹੈ, ਕਿਉਂਕਿ ਉਸ ਨੂੰ ਬਾਜ਼ਾਰ ਦੇ ਉਲਟ ਹਾਲਾਤ ਦੇ ਬਾਵਜੂਦ ਇਹ ਫਾਇਦਾ ਹੋਇਆ। ਨਾਰਾਇਣਗੰਜ ਸਥਿਤ ਝੁੰਨੂੰ ਖੇਤੀ ਉਤਪਾਦਨ ਬਾਜ਼ਾਰ ਕਮੇਟੀ ਦੀ ਮੰਡੀ ’ਚ ਵਧੀਆ ਗੁਣਵੱਤਾ (20 ਕਿਲੋਗ੍ਰਾਮ) ਵਾਲੇ ਟਮਾਟਰ ਦੇ ਕ੍ਰੇਟ ਦੀ ਵੱਧ ਤੋਂ ਵੱਧ ਕੀਮਤ 2,500 ਰੁਪਏ, ਮਤਲਬ 125 ਰੁਪਏ ਪ੍ਰਤੀ ਕਿਲੋ ਰਹੀ। ਟਮਾਟਰ ਵੇਚ ਕੇ ਕਿਸਾਨਾਂ ਦੇ ਕਰੋੜਪਤੀ ਬਣਨ ਦੀ ਗੱਲ ਸਿਰਫ ਮਹਾਰਾਸ਼ਟਰ ਤਕ ਹੀ ਸੀਮਤ ਨਹੀਂ ਹੈ। ਕਰਨਾਟਕ ਦੇ ਕੋਲਾਰ ਜ਼ਿਲ੍ਹੇ ਦੇ ਇਕ ਕਿਸਾਨ ਪਰਿਵਾਰ ਨੇ ਇਸ ਹਫ਼ਤੇ ਟਮਾਟਰ ਦੀਆਂ 2,000 ਪੇਟੀਆਂ ਵੇਚੀਆਂ ਅਤੇ 38 ਲੱਖ ਰੁਪਏ ਕਮਾ ਕੇ ਘਰ ਪਰਤਿਆ।


author

DIsha

Content Editor

Related News