ਊਨਾ ’ਚ ਵੱਡਾ ਹਾਦਸਾ, ਗੋਬਿੰਦ ਸਾਗਰ ਝੀਲ ’ਚ ਡੁੱਬਣ ਨਾਲ ਮੋਹਾਲੀ ਦੇ 7 ਨੌਜਵਾਨਾਂ ਦੀ ਮੌਤ

Monday, Aug 01, 2022 - 06:46 PM (IST)

ਊਨਾ ’ਚ ਵੱਡਾ ਹਾਦਸਾ, ਗੋਬਿੰਦ ਸਾਗਰ ਝੀਲ ’ਚ ਡੁੱਬਣ ਨਾਲ ਮੋਹਾਲੀ ਦੇ 7 ਨੌਜਵਾਨਾਂ ਦੀ ਮੌਤ

ਨੰਗਲ/ਬੰਨੂੜ, (ਗੁਰਭਾਗ ਸਿੰਘ, ਗੁਰਪਾਲ)– ਸੋਮਵਾਰ ਨੂੰ ਨੰਗਲ ਦੇ ਨਜ਼ਦੀਕ ਪੈਂਦੇ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ’ਚ 7 ਨੌਜਵਾਨਾਂ ਦੀ ਡੁੱਬਣ ਦੀ ਦੁਖਦਾਈ ਘਟਨਾ ਵਾਪਰੀ ਹੈ। ਇਹ ਹਾਦਸਾ ਊਨਾ ਜ਼ਿਲੇ ਦੀ ਬੰਗਾਣਾ ਤਹਿਸੀਲ ’ਚ ਪੈਂਦੇ ਕੋਟਲਾ ਪਿੰਡ ’ਚ ਬਾਬਾ ਗਰੀਬ ਦਾਸ ਦੇ ਮੰਦਿਰ ਕੋਲ ਵਾਪਰਿਆ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 11 ਨੌਜਵਾਨਾਂ ਦਾ ਜਥਾ ਜੋ ਕਿ ਮੋਹਾਲੀ ਜ਼ਿਲੇ ਦੇ ਕਸਬੇ ਬਨੂੜ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਸਾਉਣ ਮਹੀਨੇ ਦੇ ਨਰਾਤਿਆਂ ’ਚ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਨਿਕਲਿਆ ਸੀ। ਇਹ ਸਾਰੇ ਪਹਿਲਾਂ ਨੈਣਾ ਦੇਵੀ ਮੱਥਾ ਟੇਕ ਕੇ ਬਾਬਾ ਬਾਲਕ ਨਾਥ ਵਿਖੇ ਜਾ ਰਹੇ ਸਨ ਕਿ ਰਸਤੇ ’ਚ ਪੈਂਦੇ ਬਾਬਾ ਗਰੀਬ ਨਾਥ ਦੇ ਮੰਦਿਰ ਕੋਲ ਇਹ ਗੋਬਿੰਦ ਸਾਗਰ ਝੀਲ ’ਚ ਨਹਾਉਣ ਲੱਗ ਗਏ । ਇਸ ਦੌਰਾਨ ਇਕ ਨੌਜਵਾਨ ਡੂੰਘੇ ਪਾਣੀ ’ਚ ਚਲਾ ਗਿਆ। ਉਸ ਨੂੰ ਬਚਾਉਣ ਲਈ ਬਾਕੀ ਨੌਜਵਾਨ ਚੇਨ ਬਣਾ ਕੇ ਉਸ ਨੂੰ ਫੜਨ ਦਾ ਯਤਨ ਕਰ ਰਹੇ ਸਨ ਕਿ 7 ਨੌਜਵਾਨ ਵੀ ਡੂੰਘੇ ਪਾਣੀ ’ਚ ਸਮਾ ਗਏ ਅਤੇ ਸਾਰਿਆਂ ਦੀ ਹੀ ਡੁੱਬਣ ਨਾਲ ਮੌਤ ਹੋ ਗਈ।

ਘਟਨਾ ਦਾ ਪਤਾ ਚੱਲਦੇ ਹੀ ਜ਼ਿਲਾ ਊਨਾ ਦਾ ਸਾਰਾ ਪ੍ਰਸ਼ਾਸਨ ਮੌਕੇ ’ਤੇ ਪਹੁੰਚਿਆ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਝੀਲ ਵਿਚ ਡੁੱਬੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਸ਼ਾਮ 7 ਵਜੇ ਤੱਕ ਕਾਫੀ ਮੁਸ਼ਕਤ ਤੋਂ ਬਾਅਦ ਪਾਣੀ ਤੋਂ ਕੱਢ ਲਿਆ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਰਮਨ ਪੁੱਤਰ ਲਾਲ ਚੰਦ, ਪਵਨ ਪੁੱਤਰ ਸੁਰਜੀਤ ਰਾਮ, ਅਰੁਣ ਪੁੱਤਰ ਰਮੇਸ਼ ਕੁਮਾਰ, ਲਵ ਪੁੱਤਰ ਲਾਲ ਚੰਦ, ਲਖਵੀਰ ਪੁੱਤਰ ਰਮੇਸ਼ ਕੁਮਾਰ, ਵਿਸ਼ਾਲ ਪੁੱਤਰ ਰਾਜੂ, ਸ਼ਿਵਾ ਪੁੱਤਰ ਅਵਤਾਰ ਸਿੰਘ ਵੱਜੋਂ ਹੋਈ ਹੈ।

ਹਿਮਾਚਲ ਪੁਲਸ ਦੇ ਉੱਚ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਮੌਕੇ ’ਤੇ ਮੌਜੂਦ ਐੱਸ.ਡੀ.ਐੱਮ. ਬੰਗਾਣਾ ਯੋਗਰਾਜ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਸੱਤੇ ਨੌਜਵਾਨਾਂ ਦੀ ਲਾਸ਼ਾਂ ਬਰਾਮਦ ਕਰ ਲਈ ਗਈਆਂ ਹਨ। ਇਨ੍ਹਾਂ ਨੌਜਵਾਨਾਂ ਦੀ ਉਮਰ 16-19 ਸਾਲ ਦੇ ਕਰੀਬ ਹੈ। ਸਾਰੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਊਨਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਹਿਮਾਚਲ ਆ ਰਹੇ ਯਾਤਰੀਆਂ ਅਤੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਗੋਬਿੰਦ ਸਾਗਰ ਝੀਲ ਬਹੁਤ ਡੂੰਘੀ ਹੈ ਅਤੇ ਲੋਕ ਪ੍ਰਸ਼ਾਸਨ ਵੱਲੋਂ ਥਾਂ-ਥਾਂ ’ਤੇ ਲਗਾਏ ਗਏ ਚਿਤਾਵਨੀ ਬੋਰਡਾਂ ਦੀ ਪਾਲਣਾ ਕਰਨ ਤਾਂ ਜੋ ਅਜਿਹੇ ਦੁਖਦਾਈ ਹਾਦਸਿਆਂ ਤੋਂ ਬਚਾਅ ਹੋ ਸਕੇ।


author

Rakesh

Content Editor

Related News