Fact Check : ਮਨੋਜ ਤਿਵਾੜੀ ਦੇ ਚਾਰ ਸਾਲ ਪੁਰਾਣੇ ਇੰਟਰਵਿਊ ’ਚੋਂ 35 ਸੈਕਿੰਡ ਦੀ ਐਡਿਟਿਡ ਕਲਿਪ ਕੀਤੀ ਵਾਇਰਲ

05/23/2024 6:32:12 PM

Fact Check By vishvasnews
ਦੇਸ਼ ’ਚ ਲੋਕ ਸਭਾ ਚੋਣਾਂ ਵਿਚ ਉੱਤਰ-ਪੂਰਬੀ ਦਿੱਲੀ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਦੇ ਇੰਟਰਵਿਊ ਦੀ ਇਕ ਕਲਿਪ ਵਾਇਰਲ ਹੋ ਰਹੀ ਹੈ। ਇਸ ’ਚ ਉਨ੍ਹਾਂ ਨੂੰ ਗਰੀਬੀ 'ਤੇ ਗੱਲ ਕਰਦਿਆਂ ਭਾਵੁਕ ਹੁੰਦੇ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫ਼ਾਰਮਸ 'ਤੇ ਕੁਝ ਯੂਜ਼ਰਸ 35 ਸੈਕਿੰਡ ਦੀ ਇਸ ਕਲਿਪ ਨੂੰ ਲੋਕ ਸਭਾ ਚੋਣਾਂ ਦੇ ਵਿਚ ਹੁਣ ਦੀ ਦੱਸ ਕੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਭੁਲੇਖਾ ਪਾਊ ਸਾਬਿਤ ਹੋਈ। 4 ਸਾਲ ਪਹਿਲਾਂ ਟੀ. ਵੀ. 9 ਭਾਰਤਵਰਸ਼ ਨੂੰ ਦਿੱਤੇ ਗਏ ਇਕ ਇੰਟਰਵਿਊ ’ਚੋਂ 35 ਸੈਕਿੰਡ ਦੀ ਕਲਿਪ ਐਡਿਟ ਕਰ ਕੇ ਵਾਇਰਲ ਕੀਤੀ ਜਾ ਰਹੀ ਹੈ। ਇਸ ਦੇ ਬੈਕਗ੍ਰਾਊਂਡ ਵਿਚ ਅਲੱਗ ਤੋਂ ਇਕ ਮਿਊਜ਼ਿਕ ਵੀ ਜੋੜਿਆ ਗਿਆ ਹੈ। 

ਕੀ ਹੋ ਰਿਹਾ ਹੈ ਵਾਇਰਲ
X ਯੂਜ਼ਰ  Ashok Kumar Pandey ਨੇ 19 ਮਈ 2024 ਨੂੰ ਮਨੋਜ ਤਿਵਾੜੀ ਦੇ ਇੰਟਰਵਿਊ ਦੀ ਇਕ ਕਲਿੱਪ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਮੋਦੀ ਜੀ ਦਾ ਅਸਰ ਤਿਵਾੜੀ ਜੀ 'ਤੇ ਪਿਆ ਹੈ ਜਾਂ ਇਮੋਸ਼ਨਲ ਐਕਟਿੰਗ ਦੋਵਾਂ ਨੇ ਇਕੋ ਜਗ੍ਹਾ ਤੋਂ ਹੀ ਸਿੱਖੀ ਹੈ? ਲੋਕ ਸਭਾ ਚੋਣਾਂ ਵਿਚ ਕਲਿੱਪ ਨੂੰ ਤਾਜ਼ਾ ਇੰਟਰਵਿਊ ਸਮਝ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰਦੇ ਹੋਏ ਮਨੋਜ ਤਿਵਾੜੀ 'ਤੇ ਨਿਸ਼ਾਨਾ ਵਿੰਨਹ੍ ਰਹੇ ਹਨ। ਪੋਸਟ ਦੇ ਕੰਟੈਂਟ ਨੂੰ ਜਿਉਂ ਦਾ ਤਿਉਂ ਹੀ ਲਿਖਿਆ ਗਿਆ ਹੈ। ਇਸ ਦਾ ਆਰਕਾਈਵ ਵਰਜ਼ਨ ਇੱਥੇ ਵੇਖੋ:

ਪੜਤਾਲ 
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਵਾਇਰਲ ਕਲਿਪ ਦੀ ਸਕੈਨਿੰਗ ਤੋਂ ਕੀਤੀ। ਇਸ ਵਿਚ ਟੀ.ਵੀ. ਪੱਤਰਕਾਰ ਅਭਿਸ਼ੇਕ ਉਪਾਧਿਆਏ ਨੂੰ ਨੂੰ ਟੀ.ਵੀ. 9 ਦੇ ਲਈ ਮਨੋਜ ਤਿਵਾੜੀ ਦਾ ਇੰਟਰਵਿਊ ਲੈਂਦਿਆਂ ਵੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਇਕ ਹਾਫ਼ ਜੈਕਟ ਪਾਈ ਹੋਈ ਹੈ, ਜਦਕਿ ਦਿੱਲੀ ਵਿਚ ਇਸ ਵੇਲੇ ਗਰਮੀ ਸਿਖਰਾਂ 'ਤੇ ਹੈ। ਅਜਿਹੇ ਵਿਚ ਸਾਨੂੰ ਸ਼ੱਕ ਹੋਇਆ ਕਿ ਇਹ ਇੰਟਰਵਿਊ ਪੁਰਾਣੀ ਹੋ ਸਕਦੀ ਹੈ। ਇਸ ਮਗਰੋਂ ਜਾਂਚ ਨੂੰ ਅੱਗੇ ਵਧਾਉਂਦਿਆਂ ਟੀ.ਵੀ. 9 ਦੇ ਯੂਟਿਊਬ ਚੈਨਲ ਦਾ ਰੁਖ ਕੀਤਾ। ਇੱਥੇ ਕੀਵਰਡ ਤੋਂ ਸਰਚ ਕਰਨ 'ਤੇ ਸਾਨੂੰ ਅਸਲੀ ਇੰਟਰਵਿਊ ਮਿਲਿਆ।

 

14 ਜੂਨ 2020 ਨੂੰ ਪੂਰੇ ਇੰਟਰਵਿਊ ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੇਲੇ ਮਨੋਜ ਤਿਵਾੜੀ ਦਿੱਲੀ ਭਾਜਪਾ ਦੇ ਉਪ ਪ੍ਰਧਾਨ ਸਨ। ਵਿਸ਼ਵਾਸ ਨਿਊਜ਼ ਨੇ ਪੜਤਾਲ ਨੂੰ ਅੱਗੇ ਤੋਰਦਿਆਂ ਪੱਤਰਕਾਰ ਅਭਿਸ਼ੇਕ ਉਪਾਧਿਆਏ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਇੰਟਰਵਿਊ ਚਾਰ ਸਾਲ ਪੁਰਾਣਾ ਹੈ। ਸਰਚ ਦੇ ਦੌਰਾਨ ਸਾਨੂੰ ਮਨੋਜ ਤਿਵਾੜੀ ਦਾ ਹਾਲ ਹੀ ਦਾ ਇੰਟਰਵਿਊ ਮਿਲਿਆ, ਜਿਸ ਨੂੰ ਅਭਿਸ਼ੇਕ ਉਪਾਧਿਆਏ ਨੇ 19 ਮਈ 2024 ਨੂੰ ਲਿਆ। 
ਪੜਤਾਲ ਦੇ ਅਖ਼ੀਰ ਵਿਚ ਚਾਰ ਸਾਲ ਪੁਰਾਣੇ ਇੰਟਰਵਿਊ ਦੇ ਇਕ ਐਡਿਟਡ ਹਿੱਸੇ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਪਤਾ ਲੱਗਿਆ ਕਿ X ਹੈਂਡਲ ਅਸ਼ੋਕ ਕੁਮਾਰ ਪਾਂਡੇ ਲੇਖਕ ਹਨ। ਇਨ੍ਹਾਂ ਨੇ ਇਹ ਅਕਾਊਂਟ ਮਈ 2009 ਨੂੰ ਬਣਾਇਆ ਸੀ। ਇੱਥੇ ਦਿੱਤੀ ਗਈ ਜਾਣਕਾਰੀ ਮੁਤਾਬਕ, ਅਸ਼ੋਕ ਕੁਮਾਰ ਪਾਂਡੇ ਨਵੀਂ ਦਿੱਲੀ ਵਿਚ ਰਹਿੰਦੇ ਹਨ। ਇਨ੍ਹਾਂ ਦੇ 2 ਲੱਖ ਤੋਂ ਵੱਧ ਫਾਲੋਅਰਜ਼ ਹਨ। 

ਸਿੱਟਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਲੱਗਿਆ ਕਿ ਮਨੋਜ ਤਿਵਾੜੀ ਦੇ 4 ਸਾਲ ਪਹਿਲਾਂ ਦੇ ਇੰਟਰਵਿਊ ਵਿਚੋਂ ਇਕ ਹਿੱਸਾ ਕੱਟ ਕੇ ਉਸ ਵਿਚ ਗਲਤ ਮਿਊਜ਼ਿਕ ਜੋੜ ਕੇ ਭੁਲੇਖਾ ਪਾਊ ਤਰੀਕੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ vishvasnews ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


Anuradha

Content Editor

Related News