ਟਿਊਸ਼ਨ ਤੋਂ ਪਰਤ ਰਹੀ 14 ਸਾਲਾ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ, ਇਲਾਕੇ ''ਚ ਤਣਾਅ ਦਾ ਮਾਹੌਲ
Friday, Aug 23, 2024 - 03:53 PM (IST)
ਆਸਾਮ- ਆਸਾਮ ਦੇ ਨਾਗਾਂਵ ਜ਼ਿਲ੍ਹੇ 'ਚ 14 ਸਾਲ ਦੀ ਇਕ ਕੁੜੀ ਨਾਲ ਤਿੰਨ ਵਿਅਕਤੀਆਂ ਵਲੋਂ ਕਥਿਤ ਤੌਰ 'ਤੇ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਵਿਰੋਧ ਵਿਚ ਸੂਬੇ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਢੀਂਗ ਇਲਾਕੇ 'ਚ ਵਾਪਰੀ ਜਦੋਂ ਕੁੜੀ ਵੀਰਵਾਰ ਸ਼ਾਮ ਟਿਊਸ਼ਨ ਤੋਂ ਘਰ ਪਰਤ ਰਹੀ ਸੀ। ਨਾਬਾਲਗ ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ 'ਚ ਮਿਲੀ ਤਾਂ ਸਥਾਨਕ ਲੋਕਾਂ ਨੇ ਉਸ ਨੂੰ ਬਚਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੀੜਤਾ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਲਾਕੇ 'ਚ ਤਣਾਅ ਦਾ ਮਾਹੌਲ
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 2 ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਇਸ ਵਿਚ ਸ਼ੁੱਕਰਵਾਰ ਸਵੇਰੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ। ਦੁਕਾਨਦਾਰਾਂ ਨੇ ਆਪਣੇ ਕਾਰੋਬਾਰੀ ਅਦਾਰਿਆਂ ਦੇ ਸ਼ਟਰ ਢਾਹ ਦਿੱਤੇ ਅਤੇ ਸਮਾਜਿਕ ਤੇ ਸਿਆਸੀ ਜਥੇਬੰਦੀਆਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਔਰਤਾਂ ਤੇ ਕੁੜੀਆਂ ਦੀ ਸੁਰੱਖਿਆ ਦੀ ਮੰਗ ਕੀਤੀ। ਪੁਲਸ ਡਾਇਰੈਕਟਰ ਜਨਰਲ ਜੀਪੀ ਸਿੰਘ ਦੇ ਢੀਂਗ ਪਹੁੰਚਣ ਤੋਂ ਬਾਅਦ ਇਲਾਕੇ 'ਚ ਤਣਾਅ ਫੈਲ ਗਿਆ।
ਅਸੀਂ ਕਿਸੇ ਨੂੰ ਨਹੀਂ ਛੱਡਾਂਗੇ - ਮੁੱਖ ਮੰਤਰੀ
ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਸ਼ਾਮਲ ਕਿਸੇ ਵੀ ਅਪਰਾਧੀ ਨੂੰ ਬਖਸ਼ਾਂਗੇ ਨਹੀਂ। ਮੁੱਖ ਮੰਤਰੀ ਨੇ ਕਿਹਾ,"ਢੀਂਗ 'ਚ ਇਕ ਨਾਬਾਲਗ ਨਾਲ ਵਾਪਰੀ ਭਿਆਨਕ ਘਟਨਾ ਮਨੁੱਖਤਾ ਵਿਰੁੱਧ ਅਪਰਾਧ ਹੈ ਅਤੇ ਇਸ ਨੇ ਸਾਡੀ ਸਮੂਹਿਕ ਜ਼ਮੀਰ ਨੂੰ ਝੰਜੋੜਿਆ ਹੈ।" ਸਰਮਾ ਨੇ 'ਐਕਸ' 'ਤੇ ਪੋਸਟ ਕੀਤਾ,"ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਵਾਂਗੇ। ਮੈਂ ਡੀਜੀ ਆਸਾਮ ਪੁਲਸ ਨੂੰ ਮੌਕੇ 'ਤੇ ਪਹੁੰਚਣ ਅਤੇ ਅਜਿਹੇ ਰਾਖਸ਼ਾਂ ਵਿਰੁੱਧ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8