ਉਮਰ 93 ਸਾਲ ਅਤੇ ਦਾਦਾ ਜੀ ਨੇ ਇਗਨੂੰ ਤੋਂ ਪੂਰੀ ਕੀਤੀ ਪੀ.ਜੀ. ਦੀ ਪੜ੍ਹਾਈ
Thursday, Feb 20, 2020 - 07:12 PM (IST)

ਨਵੀਂ ਦਿੱਲੀ – ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ। ਇਸ ਗੱਲ ਦੀ ਜਿਊਂਦੀ-ਜਾਗਦੀ ਉਦਾਹਰਣ ਸੋਮਵਾਰ ਨੂੰ ਇਗਨੂੰ ਦੇ ਸਾਲਾਨਾ ਸਮਾਰੋਹ ’ਚ ਦੇਖਣ ਨੂੰ ਮਿਲੀ। ਇਥੇ 93 ਸਾਲ ਦੇ ਸੀ. ਆਈ. ਸ਼ਿਵਾ ਸੁਬਰਾਮਣੀਅਮ ਨੇ ਆਪਣੀ ਮਾਸਟਰਸ ਦੀ ਪੜ੍ਹਾਈ ਪੂਰੀ ਕੀਤੀ। ਉਹ ਇਸ ਵਾਰ ਦੇ ਸਾਲਾਨਾ ਸਮਾਰੋਹ ਦੇ ਸਭ ਤੋਂ ਬਜ਼ੁਰਗ ਵਿਦਿਆਰਥੀ ਵੀ ਬਣ ਗਏ। ਸ਼ਿਵਾ ਨੇ ਪਬਲਿਕ ਐਡਮਨਿਸਟ੍ਰੇਸ਼ਨ ’ਚ ਆਪਣੀ ਮਾਸਟਰਸ ਦੀ ਪੜ੍ਹਾਈ ਕੀਤੀ। ਸਾਲਾਨਾ ਸਮਾਰੋਹ ’ਚ ਐੱਚ. ਆਰ. ਡੀ. ਮਨਿਸਟਰ ਰਮੇਸ਼ ਪੋਖਰਿਆਲ ਵੀ ਮੌਜੂਦ ਸਨ, ਜਿਨ੍ਹਾਂ ਨੇ ਸ਼ਿਵਾ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ 90 ਸਾਲ ਦਾ ‘ਨੌਜਵਾਨ’ ਦੱਸਿਆ।
ਸ਼ਿਵਾ ਦੱਸਦੇ ਹਨ ਕਿ 1940 ’ਚ ਉਨ੍ਹਾਂ ਨੇ ਸਕੂਲ ਦੀ ਪੜ੍ਹਾਈ ਖਤਮ ਕੀਤੀ ਸੀ। ਉਸ ਤੋਂ ਬਾਅਦ ਉਹ ਕਾਲਜ ਜਾਣਾ ਚਾਹੁੰਦੇ ਸਨ ਪਰ ਮਾਤਾ-ਪਿਤਾ ਬੀਮਾਰ ਰਹਿਣ ਲੱਗੇ। ਦੋਹਾਂ ਦੀ ਦੇਖਭਾਲ ਅਤੇ ਪਰਿਵਾਰ ਲਈ ਉਨ੍ਹਾਂ ਨੂੰ ਪੜ੍ਹਾਈ ਛੱਡ ਕੇ ਨੌਕਰੀ ਕਰਨੀ ਪਈ। ਉਸ ਸਮੇਂ ਸ਼ਿਵਾ ਚੇਨਈ ’ਚ ਰਹਿੰਦੇ ਸਨ। ਬਾਅਦ ’ਚ ਉਹ ਦਿੱਲੀ ਸ਼ਿਫਟ ਹੋ ਗਏ। ਇਥੇ ਮਨਿਸਟਰੀ ਆਫ ਕਾਮਰਸ ’ਚ ਉਨ੍ਹਾਂ ਨੂੰ ਕਲਰਕ ਦੀ ਨੌਕਰੀ ਮਿਲ ਗਈ। ਫਿਰ 1986 ’ਚ 58 ਸਾਲ ਦੀ ਉਮਰ ’ਚ ਉਹ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰਡ ਹੋਏ।
ਅਧੂਰਾ ਸੀ ਪੜ੍ਹਾਈ ਦਾ ਸੁਪਨਾ
ਸ਼ਿਵਾ ਦਾ ਗ੍ਰੈਜੂਏਟ ਹੋਣ ਦਾ ਸੁਪਨਾ ਅਧੂਰਾ ਸੀ। ਫਿਰ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਦੀਆਂ ਜ਼ਿੰਮੇਵਾਰੀਆਂ ’ਚ ਉਹ ਅਜਿਹਾ ਨਾ ਕਰ ਸਕੇ। ਫਿਰ ਇਕ ਦਿਨ ਉਨ੍ਹਾਂ ਦੇ ਫਿਜ਼ੀਓਥੈਰੇਪਿਸਟ ਨੇ ਦੱਸਿਆ ਕਿ ਉਹ ਇਗਨੂੰ ਤੋਂ ਕੋਈ ਕੋਰਸ ਕਰਨ ਵਾਲਾ ਹੈ। ਉਨ੍ਹਾਂ ਨੇ ਆਪਣੇ ਲਈ ਵੀ ਪਤਾ ਕਰਨ ਲਈ ਕਿਹਾ। ਪਤਾ ਲੱਗਾ ਕਿ ਇਗਨੂੰ ’ਚ ਉਮਰ ਦੀ ਕੋਈ ਹੱਦ ਨਹੀਂ ਹੈ। ਇਸ ’ਤੇ ਸ਼ਿਵਾ ਨੇ ਬੈਚਲਰ ਕੋਰਸ ਲਈ ਅਪਲਾਈ ਕਰ ਦਿੱਤਾ। ਉਸ ਸਮੇਂ ਦਾ ਜ਼ਿਕਰ ਕਰਦੇ ਹੋਏ ਸ਼ਿਵਾ ਨੇ ਦੱਸਿਆ ਕਿ ਮੈਨੂੰ ਪਤਾ ਨਹੀਂ ਸੀ ਕਿ ਕੋਰਸ ਪੂਰਾ ਹੋਣ ਤੱਕ ਮੈਂ ਜਿਊਂਦਾ ਵੀ ਰਹਾਂਗਾ ਜਾਂ ਨਹੀਂ।
ਆਪਣੇ ਪਰਿਵਾਰ ਦਾ ਜ਼ਿਕਰ ਕਰਦੇ ਹੋਏ ਸ਼ਿਵਾ ਨੇ ਕਿਹਾ ਕਿ ਮੇਰੇ ਪੋਤੇ-ਪੋਤੀਆਂ ਦੀ ਪੜ੍ਹਾਈ ਖਤਮ ਹੋ ਚੁੱਕੀ ਹੈ। ਕੁਝ ਦਾ ਵਿਆਹ ਹੋ ਗਿਆ ਹੈ। ਇਕ ਪੋਤੀ ਯੂ. ਐੱਸ. ਏ. ’ਚ ਪੜ੍ਹਾਈ ਕਰ ਰਹੀ ਹੈ। ਸ਼ਿਵਾ ਇਥੇ ਰੁਕਣ ਵਾਲੇ ਨਹੀਂ ਹਨ। ਉਹ ਐੱਮ. ਫਿਲ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਐੱਮ. ਫਿਲ ’ਚ ਕਾਫੀ ਘੱਟ ਸੀਟਾਂ ਹੁੰਦੀਆਂ ਹਨ। ਅਜਿਹੇ ’ਚ ਉਹ ਦਾਖਲਾ ਲੈ ਕੇ ਕਿਸੇ ਹੋਰ ਦੀ ਸੀਟ ਘੱਟ ਕਰਨ। ਅਜਿਹੇ ’ਚ ਸ਼ਿਵਾ ਕਿਸੇ ਸ਼ਾਰਟ ਟਰਮ ਕੋਰਸ ਦੀ ਭਾਲ ’ਚ ਹਨ।