DGGI ਨੇ 491 ਕਰੋੜ ਦੇ ਜਾਅਲੀ ITC ਚਾਲਾਨ ਜਾਰੀ ਕਰਨ ਵਾਲੀਆਂ 93 ਫਰਜ਼ੀ ਫਰਮਾਂ ਦਾ ਕੀਤਾ ਪਰਦਾਫਾਸ਼
Saturday, Jan 29, 2022 - 04:51 PM (IST)
ਜੈਤੋ (ਰਘੁਨੰਦਨ ਪਰਾਸ਼ਰ)- ਵਿੱਤ ਮੰਤਰਾਲਾ ਨੇ ਕਿਹਾ ਕਿ ਜੀ.ਐੱਸ.ਟੀ. ਇੰਟੈਲੀਜੈਂਸ ਜਨਰਲ ਡਾਇਰੈਕਟੋਰੇਟ (ਡੀ.ਜੀ.ਜੀ.ਆਈ.) ਦੀ ਗੁਰੂਗ੍ਰਾਮ ਜ਼ੋਨਲ ਯੂਨਿਟ (ਜੀ.ਜ਼ੈੱਡ.ਯੂ.) ਨੇ ਇਕ ਵਿਅਕਤੀ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਈ ਫਰਜ਼ੀ ਫਰਮਾਂ ਚਲਾਉਣ ਅਤੇ ਧੋਖਾਧੜੀ ਕਰਦੇ ਹੋਏ 491 ਕਰੋੜ ਰੁਪਏ ਦੀ ਆਈ.ਟੀ.ਸੀ. ਜਾਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਡੀ.ਜੀ.ਜੀ.ਆਈ. ਦੀ ਜੈਪੁਰ ਜ਼ੋਨਲ ਯੂਨਿਟ ਵਲੋਂ ਇਕ ਵਿਅਕਤੀ ਵਲੋਂ ਦੇਸ਼ ਭਰ 'ਚ ਵੱਖ-ਵੱਖ ਵਿਅਕਤੀਆਂ ਨੂੰ ਦੂਰ-ਦੁਰਾਡੇ ਦੇ ਸਥਾਨਾਂ ਤੋਂ ਆਪਣਾ ਕੰਮ ਕਰਨ ਅਤੇ ਡਾਟਾ ਸਟੋਰ ਕਰਨ ਲਈ ਕਲਾਊਡ ਸਟੋਰੇਜ਼ ਸਹੂਲਤ ਪ੍ਰਦਾਨ ਕੀਤੇ ਜਾਣ ਬਾਰੇ ਦਿੱਤੀ ਗਈ ਠੋਸ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕਲਾਊਡ ਸੇਵਾ ਪ੍ਰਦਾਤਾ ਤੋਂ ਬਰਾਮਦ ਹਾਰਡ ਡਿਸਕ ਦੀ ਜਾਂਚ ਕੀਤੀ ਗਈ। ਕਲਾਊਡ ਸਟੋਰੇਜ ਸਹੂਲਤ ਵਲੋਂ ਪ੍ਰਦਾਨ ਕੀਤੀ ਜਾ ਰਹੀ ਇਸ ਹਾਰਡ ਡਿਸਕ 'ਚ ਮੌਜੂਦ ਡਾਟਾ ਦੀ ਜਾਂਚ ਨਾਲ 93 ਨਕਲੀ ਫਰਮਾਂ ਦੀ ਮਿਲੀਭਗਤ ਕਰਨ ਵਾਲੇ ਮੁੱਖ ਸੰਚਾਲਕ ਦੀ ਪਛਾਣ ਸਾਹਮਣੇ ਆਈ।
ਤਲਾਸ਼ੀ ਦੌਰਾਨ ਵੱਖ-ਵੱਖ ਫਰਮਾਂ ਦੇ ਦਿੱਤੇ ਗਏ ਪਤੇ 'ਤੇ ਕੁਝ ਨਹੀਂ ਮਿਲਿਆ। ਮੁੱਖ ਸੰਚਾਲਕ ਜੋ ਕਿ ਸਰਗਰਮ ਰੂਪ ਨਾਲ ਕਲਾਊਡ ਸਟੋਰੇਜ ਸੇਵਾ ਦੀ ਵਰਤੋਂ ਕਰ ਰਿਹਾ ਸੀ ਅਤੇ ਉਕਤ ਫਰਮਾਂ ਨੂੰ ਚਲਾ ਰਿਹਾ ਸੀ ਨੂੰ ਹਰਿਆਣਾ ਦੇ ਹਾਂਸੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਦੌਰਾਨ ਮੁੱਖ ਸੰਚਾਲਕ ਨੇ ਹੋਰ ਸਾਥੀਆਂ ਨਾਲ ਮਿਲ ਕੇ ਧੋਖਾਧੜੀ ਕਰਨ ਦੀ ਗੱਲ ਸਵੀਕਾਰ ਕੀਤਾ। ਜਾਂਚ, ਸਬੂਤਾਂ ਅਤੇ ਦਰਜ ਕੀਤੇ ਗਏ ਬਿਆਨਾਂ ਦੇ ਆਧਾਰ 'ਤੇ ਉਹ ਨਕਲੀ ਫਰਮ ਬਣਾਉਣ ਦੇ ਰੈਕੇਟ ਦਾ ਸੰਚਾਲਨ ਕਰਨ, 93 ਜਾਅਲੀ ਫਰਮਾਂ ਦੇ ਸੰਦਰਭ 'ਚ ਮਾਲ ਦੀ ਅਸਲ ਸਪਲਾਈ ਦੇ ਬਿਨਾਂ 491 ਕਰੋੜ ਰੁਪਏ ਦੀ ਫਰਜ਼ੀ ਅਤੇ ਨਾਮਨਜ਼ੂਰ ਆਈ.ਟੀ.ਸੀ. ਚਾਲਾਨ ਜਾਰੀ ਕਰਨ ਅਤੇ ਇਸ ਤਰ੍ਹਾਂ, ਸੀ.ਜੀ.ਐੱਸ.ਟੀ. ਐਕਟ 2017 ਦੇ ਵੱਖ-ਵੱਖ ਪ੍ਰਬੰਧਾਂ ਦਾ ਉਲੰਘਣ ਕਰਨ ਵਾਲਾ ਮੁੱਖ ਵਿਅਕਤੀ ਨਿਕਲਿਆ। ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਡਿਊਟੀ ਮੈਜਿਸਟ੍ਰੇਟ ਵਲੋਂ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਇਸ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।