ਆਂਧਰਾ ਪ੍ਰਦੇਸ਼ ਦੇ 9 ਵਿਦਿਆਰਥੀਆਂ ਨੇ ਕੀਤੀ ਖ਼ੁਦਕੁਸ਼ੀ, ਪ੍ਰੀਖਿਆ ’ਚ ਫੇਲ ਹੋਣ ’ਤੇ ਚੁੱਕਿਆ ਇਹ ਕਦਮ

Sunday, Apr 30, 2023 - 01:10 PM (IST)

ਆਂਧਰਾ ਪ੍ਰਦੇਸ਼ ਦੇ 9 ਵਿਦਿਆਰਥੀਆਂ ਨੇ ਕੀਤੀ ਖ਼ੁਦਕੁਸ਼ੀ, ਪ੍ਰੀਖਿਆ ’ਚ ਫੇਲ ਹੋਣ ’ਤੇ ਚੁੱਕਿਆ ਇਹ ਕਦਮ

ਨਵੀਂ ਦਿੱਲੀ- ਆਂਧਰਾ ਪ੍ਰਦੇਸ਼ ਵਿਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ 9 ਵਿਦਿਆਰਥੀਆਂ ਨੇ 11ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿਚ ਫ਼ੇਲ ਹੋਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਬੁੱਧਵਾਰ ਨੂੰ 11ਵੀਂ ਅਤੇ 12ਵੀਂ ਦੇ ਨਤੀਜੇ ਸਾਹਮਣੇ ਆਏ ਸਨ। ਇਸ ਤੋਂ ਇਕ ਦਿਨ ਬਾਅਦ 9 ਵਿਦਿਆਰਥੀਆਂ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਥੇ ਹੀ 2 ਵਿਦਿਆਰਥੀਆਂ ਨੇ ਖੁਦਕੁਸ਼ੀ ਦਾ ਯਤਨ ਕੀਤਾ। ਸ਼੍ਰੀਕਾਕੁਲਮ ਜ਼ਿਲ੍ਹੇ ਦੇ ਟੇਕਕਲੀ ਨੇੜੇ ਬੀ. ਤਰੁਣ (17) ਨੇ ਚੱਲਦੀ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜ਼ਿਲ੍ਹੇ ਦੇ ਦਾਂਦੂ ਗੋਪਾਲਪੁਰਮ ਪਿੰਡ ਦੀ ਰਹਿਣ ਵਾਲੀ ਇੰਟਰਮੀਡੀਏਟ ਪਹਿਲੇ ਸਾਲ ਦੀ ਵਿਦਿਆਰਥਣ ਫੇਲ੍ਹ ਹੋਣ ਕਾਰਨ ਨਿਰਾਸ਼ ਸੀ। 

ਵਿਸ਼ਾਖਾਪਟਨਮ ਜ਼ਿਲ੍ਹੇ ਦੇ ਮਲਕਪੁਰਮ ਥਾਣਾ ਖੇਤਰ ਦੇ ਅਧੀਨ ਤ੍ਰਿਨਾਦਪੁਰਮ ਵਿਚ ਇਕ 16 ਸਾਲਾ ਕੁੜੀ ਨੇ ਆਪਣੇ ਘਰ ਵਿਚ ਫਾਹਾ ਲੈ ਲਿਆ। ਏ. ਅਖਿਲਸ਼੍ਰੀ ਇੰਟਰਮੀਡੀਏਟ ਪਹਿਲੇ ਸਾਲ 'ਚ ਕੁਝ ਵਿਸ਼ਿਆਂ 'ਚ ਫ਼ੇਲ ਹੋਣ ਤੋਂ ਬਾਅਦ ਪਰੇਸ਼ਾਨ ਸੀ। ਬੀ. ਜਗਦੀਸ਼ (18) ਨੇ ਵਿਸ਼ਾਖਾਪਟਨਮ ਦੇ ਕੰਚਾਰਪਾਲੇਮ ਇਲਾਕੇ 'ਚ ਆਪਣੇ ਘਰ ਫਾਹਾ ਲਗਾ ਕੇ ਜੀਵਨ ਲੀਲਾ ਖ਼ਤਮ ਕਰ ਲਈ। ਇਹ ਇੰਟਰਮੀਡੀਏਟ ਦੇ ਦੂਜੇ ਸਾਲ 'ਚ ਇਕ ਵਿਸ਼ੇ 'ਚ ਫ਼ੇਲ ਹੋ ਗਿਆ ਸੀ। ਇੰਟਰਮੀਡੀਏਟ ਪਹਿਲੇ ਸਾਲ ਦੀ ਪ੍ਰੀਖਿਆ 'ਚ ਇਕ ਵਿਸ਼ੇ 'ਚ ਫ਼ੇਲ ਹੋਣ ਤੋਂ ਨਿਰਾਸ਼ ਅਨੁਸ਼ਾ (17) ਨੇ ਚਿਤੂਰ ਜ਼ਿਲ੍ਹੇ 'ਚ ਇਕ ਝੀਲ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਚਿਤੌੜ ਜ਼ਿਲ੍ਹੇ ਦੇ ਹੀ ਬਾਬੂ (17) ਨੇ ਇੰਟਰਮੀਡੀਏਟ ਦੂਜੇ ਸਾਲ 'ਚ ਅਸਫ਼ਲ ਹੋਣ ਤੋਂ ਬਾਅਦ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਟੀ. ਕਿਰਨ (17) ਨੇ ਅਨਕਾਪੱਲੀ 'ਚ ਆਪਣੇ ਘਰ ਫਾਹਾ ਲਗਾ ਲਿਆ।
 


author

DIsha

Content Editor

Related News