500 ਰੁਪਏ ਦੇ 88 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨੋਟ ਹੋਏ ਗ਼ਾਇਬ, ਨਹੀਂ ਮਿਲ ਰਿਹਾ ਕੋਈ ਹਿਸਾਬ, RTI ’ਚ ਖ਼ੁਲਾਸਾ

06/17/2023 7:41:09 PM

ਨੈਸ਼ਨਲ ਡੈਸਕ : ਸਰਕਾਰ ਨੇ 500 ਰੁਪਏ ਦੇ ਤਕਰੀਬਨ 8810.65 ਮਿਲੀਅਨ ਨੋਟ ਛਾਪੇ ਸਨ ਪਰ ਰਿਜ਼ਰਵ ਬੈਂਕ ਕੋਲ ਸਿਰਫ਼ 7260 ਮਿਲੀਅਨ ਨੋਟ ਹੀ ਪਹੁੰਚੇ । ਤਕਰੀਬੜ 1550 ਮਿਲੀਅਨ ਰੁਪਏ ਦੇ ਨੋਟ ਰਿਜ਼ਰਵ ਬੈਂਕ ਕੋਲ ਨਹੀਂ ਪਹੁੰਚੇ ਹਨ। ਇਹ ਖੁਲਾਸਾ ਆਰ.ਟੀ.ਆਈ. ਤਹਿਤ ਹੋਇਆ ਹੈ। ਅਪ੍ਰੈਲ 2015-ਮਾਰਚ 2016 ਦੇ ਵਿਚਕਾਰ ਕਰੰਸੀ ਨੋਟ ਪ੍ਰੈੱਸ, ਨਾਸਿਕ ਦੁਆਰਾ 210 ਮਿਲੀਅਨ ਰੁਪਏ ਦੇ 500 ਰੁਪਏ ਦੇ ਨੋਟ ਛਾਪੇ ਗਏ, ਜੋ ਰਿਜ਼ਰਵ ਬੈਂਕ ਤੱਕ ਨਹੀਂ ਪਹੁੰਚੇ। ਲਗਭਗ 1760 ਮਿਲੀਅਨ ਯਾਨੀ ਲਗਭਗ 176 ਕਰੋੜ 500 ਰੁਪਏ ਦੇ ਨੋਟ ਰਸਤੇ ’ਚੋਂ ਗਾਇਬ ਹੋ ਗਏ। ਅੱਗੇ ਜੇਕਰ ਇਨ੍ਹਾਂ ਨੋਟਾਂ ਦੀ ਕੀਮਤ ਕੱਢੀ ਜਾਵੇ ਤਾਂ ਇਹ ਤਕਰੀਬਨ 88 ਹਜ਼ਾਰ ਕਰੋੜ ਰੁਪਏ ਬਣਦੀ ਹੈ।

375.450 ਮਿਲੀਅਨ ਨੋਟ ਕਰੰਸੀ ਛਪੀ, ਸਿਰਫ 345 ਮਿਲੀਅਨ ਨੋਟ ਹੀ ਪਹੁੰਚੇ

ਐਕਟੀਵਿਸਟ ਮਨੋਰੰਜਨ ਰਾਏ ਦੁਆਰਾ ਸੂਚਨਾ ਦੇ ਅਧਿਕਾਰ ਕਾਨੂੰਨ (ਆਰ. ਟੀ. ਆਈ.) ਦੇ ਤਹਿਤ ਪ੍ਰਾਪਤ ਕੀਤੇ ਗਏ ਅੰਕੜਿਆਂ ਅਨੁਸਾਰ, ਨਵੇਂ ਡਿਜ਼ਾਈਨ ਕੀਤੇ 500 ਰੁਪਏ ਦੇ 375.450 ਮਿਲੀਅਨ ਨੋਟ ਕਰੰਸੀ ਨੋਟ ਪ੍ਰੈੱਸ, ਨਾਸਿਕ ਦੁਆਰਾ ਛਾਪੇ ਗਏ ਸਨ ਪਰ ਭਾਰਤੀ ਰਿਜ਼ਰਵ ਬੈਂਕ ਦਾ ਰਿਕਾਰਡ ਦਰਸਾਉਂਦਾ ਹੈ ਕਿ ਇਹ ਲੱਗਭਗ ਸਿਰਫ 345 ਮਿਲੀਅਨ ਨੋਟ ਹੀ ਪਹੁੰਚੇ । ਪਿਛਲੇ ਮਹੀਨੇ ਇਕ ਹੋਰ ਆਰ.ਟੀ.ਆਈ. ਜਵਾਬ ਵਿਚ ਕਰੰਸੀ ਨੋਟ ਪ੍ਰੈੱਸ, ਨਾਸਿਕ ਨੇ ਕਿਹਾ ਕਿ ਵਿੱਤੀ ਸਾਲ 2015-2016 ਦੌਰਾਨ 500 ਰੁਪਏ ਦੇ 210 ਮਿਲੀਅਨ ਨੋਟ ਛਾਪੇ ਗਏ ਅਤੇ ਰਿਜ਼ਰਵ ਬੈਂਕ ਨੂੰ ਭੇਜੇ ਗਏ, ਜਦੋਂ ਰਘੂਰਾਮ ਰਾਜਨ ਗਵਰਨਰ ਸਨ।

RBI ਦੀ ਸਾਲਾਨਾ ਰਿਪੋਰਟ ’ਚ ਨੋਟ ਮਿਲਣ ਦਾ ਕੋਈ ਜ਼ਿਕਰ ਨਹੀਂ 

ਕਰੰਸੀ ਨੋਟ ਪ੍ਰੈੱਸ, ਨਾਸਿਕ ਦੀ ਰਿਪੋਰਟ ਨੇ ਦਿਖਾਇਆ ਹੈ ਕਿ ਨਵੇਂ ਡਿਜ਼ਾਈਨ ਕੀਤੇ 500 ਰੁਪਏ ਦੇ ਕਰੰਸੀ ਨੋਟ ਕੇਂਦਰੀ ਬੈਂਕ ਨੂੰ ਸਪਲਾਈ ਕੀਤੇ ਗਏ ਸਨ ਪਰ ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ ਵਿੱਚ ਨਵੇਂ ਡਿਜ਼ਾਈਨ ਵਾਲੇ 500 ਰੁਪਏ ਦੇ ਨੋਟ ਮਿਲਣ ਦਾ ਕੋਈ ਜ਼ਿਕਰ ਨਹੀਂ ਹੈ ਭਾਵ ਇਹ 210 ਮਿਲੀਅਨ 500 ਰੁਪਏ ਦੇ ਨੋਟ ਵੀ ਰਿਜ਼ਰਵ ਬੈਂਕ ਨੂੰ ਨਹੀਂ ਮਿਲੇ । ਜਦੋਂ ਇਸ ਬਾਰੇ ਰਿਜ਼ਰਵ ਬੈਂਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੇਂਦਰੀ ਬੈਂਕ ਦੇ ਅਧਿਕਾਰੀਆਂ ਨੇ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ।

ਰਿਜ਼ਰਵ ਬੈਂਕ ਨੂੰ 7260 ਮਿਲੀਅਨ ਨੋਟ ਹੀ ਮਿਲੇ, 1760 ਮਿਲੀਅਨ ਨੋਟ ਗਾਇਬ

ਕਰੰਸੀ ਨੋਟ ਪ੍ਰੈੱਸ, ਨਾਸਿਕ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ 2016-2017 ਵਿਚ ਨਵੇਂ ਡਿਜ਼ਾਈਨ ਕੀਤੇ ਗਏ 500 ਰੁਪਏ ਦੇ ਨੋਟਾਂ ਦੇ 1,662 ਮਿਲੀਅਨ ਨੋਟਾਂ ਦੀ ਸਪਲਾਈ ਕੀਤੀ ਗਈ ਸੀ। ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਾਨ (ਪੀ) ਲਿਮਟਿਡ, ਬੈਂਗਲੁਰੂ ਨੇ ਆਰ.ਬੀ.ਆਈ. ਨੂੰ 500 ਰੁਪਏ ਦੇ 5,195.65 ਮਿਲੀਅਨ ਨੋਟ ਭੇਜੇ। ਇਸ ਦੌਰਾਨ ਬੈਂਕ ਨੋਟ ਪ੍ਰੈੱਸ, ਦੇਵਾਸ ਨੇ ਰਿਜ਼ਰਵ ਬੈਂਕ ਨੂੰ 1953 ਮਿਲੀਅਨ ਬੈਂਕ ਨੋਟ ਭੇਜੇ। ਇਸ ਸਮੇਂ ਦੌਰਾਨ ਤਿੰਨਾਂ ਪ੍ਰੈੱਸਾਂ ਵਿਚ 8810.65 ਮਿਲੀਅਨ 500 ਰੁਪਏ ਦੇ ਨੋਟ ਛਾਪੇ ਗਏ ਪਰ ਆਰ.ਬੀ.ਆਈ. ਨੂੰ ਸਿਰਫ਼ 7260 ਮਿਲੀਅਨ ਨੋਟ ਹੀ ਮਿਲੇ ਹਨ। ਮਨੋਰੰਜਨ ਰਾਏ ਕਹਿੰਦੇ ਹਨ ਕਿ ਜੋ 1760.65 ਮਿਲੀਅਨ ਨੋਟ ਗਾਇਬ ਹਨ, ਉਹ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹਨ। ਆਰ.ਟੀ.ਆਈ. ਕਾਰਕੁਨ ਨੇ ਇਸ ਬਾਰੇ ਕੇਂਦਰੀ ਆਰਥਿਕ ਇੰਟੈਲੀਜੈਂਸ ਬਿਊਰੋ ਅਤੇ ਈ.ਡੀ. ਨੂੰ ਪੱਤਰ ਲਿਖਿਆ ਹੈ।
 


Manoj

Content Editor

Related News