ਜੋਧਪੁਰ ’ਚ 80 ਤੋਂ ਵੱਧ ਮਿ੍ਰਤਕ ਮਿਲੇ ਪ੍ਰਵਾਸੀ ਪੰਛੀ, ਰਾਨੀਖੇਤ ਰੋਗ ਦੀ ਲਪੇਟ ’ਚ ਆਉਣ ਦਾ ਖ਼ਦਸ਼ਾ

Tuesday, Nov 09, 2021 - 04:58 PM (IST)

ਜੋਧਪੁਰ (ਭਾਸ਼ਾ)— ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਕਰਪੜਾ ਪਿੰਡ ਵਿਚ ਪਿਛਲੇ ਤਿੰਨ ਦਿਨਾਂ ਵਿਚ 80 ਤੋਂ ਵੱਧ ਪੰਛੀ ਮਿ੍ਰਤਕ ਮਿਲੇ ਹਨ। ਸਿਹਤ ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਇਹ ਪੰਛੀ ਰਾਨੀਖੇਤ ਰੋਗ ਦੀ ਲੇਪਟ ਵਿਚ ਆਏ ਹਨ। ਰਾਨੀਖੇਤ ਰੋਗ ਇਕ ਵਿਸ਼ਾਣੂ ਜਨਿਤ ਰੋਗ ਹੈ। ਸਥਾਨਕ ਜੰਗਲੀ ਜੀਵ ਵਰਕਰ ਭਜਨ ਲਾਲ ਨੈਨ ਨੂੰ ਸ਼ਨੀਵਾਰ ਨੂੰ ਇਨ੍ਹਾਂ ਪ੍ਰਵਾਸੀ ਪੰਛੀਆਂ ਦੀਆਂ ਲਾਸ਼ਾਂ ਨਜ਼ਰ ਆਈਆਂ। ਜਿਸ ਤੋਂ ਬਾਅਦ ਉਨ੍ਹਾਂ ਨੇ ਜੰਗਲੀ ਜੀਵ ਵਿਗਿਆਨ ਅਤੇ ਹੋਕ ਵਰਕਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਜੰਗਲ ਵਿਭਾਗ ਨੇ ਇਕ ਦਲ ਮੌਕੇ ’ਤੇ ਭੇਜਿਆ, ਜਿਸ ’ਚ ਪਸ਼ੂਆਂ ਦੇ ਡਾਕਟਰ ਵੀ ਸ਼ਾਮਲ ਸਨ। ਸੀਨੀਅਰ ਡਾਕਟਰ ਸ਼ਰਵਣ ਸਿੰਘ ਰਾਠੌੜ ਨੇ ਦੱਸਿਆ ਕਿ ਕਰੀਬ 100 ਬੀਮਾਰ ਪੰਛੀਆਂ ਦਾ ਇਲਾਜ ਵੀ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਵੀ ਰਾਨੀਖੇਤ ਰੋਗ ਤੋਂ ਪੀੜਤ ਹੋਣ ਦਾ ਖ਼ਦਸ਼ਾ ਹੈ। 

ਕੁਝ ਪੰਛੀਆਂ ਦੇ ਵਿਸਰਾ ਦੇ ਨਮੂਨੇ ਭੋਪਾਲ ਦੀ ਲੈਬੋਰਟਰੀ ’ਚ ਜਾਂਚ ਲਈ ਭੇਜੇ ਗਏ ਹਨ ਅਤੇ ਉਸ ਦੀ ਰਿਪੋਰਟ ਦੋ ਦਿਨ ਵਿਚ ਆਉਣ ਦੀ ਉਮੀਦ ਹੈ। ਡਾਕਟਰਾਂ ਨੇ ਬੀਮਾਰ ਪੰਛੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ, ਜੋ ਉਡ ਨਹੀਂ ਸਕ ਰਹੇ। ਤਲਾਬਾਂ ਵਿਚ ਵੀ ਦਵਾਈਆਂ ਪਾ ਦਿੱਤੀਆਂ ਗਈਆਂ ਹਨ, ਤਾਂ ਕਿ ਪੀੜਤ ਪੰਛੀ ਇਸ ਨੂੰ ਪੀਣ ਨਾਲ ਠੀਕ ਹੋ ਜਾਣ। ਉਨ੍ਹਾਂ ਕਿਹਾ ਕਿ ਕੁਝ ਪੰਛੀ ਹੋਰ ਥਾਵਾਂ ’ਤੇ ਉਡ ਗਏ ਪਰ ਅਸੀਂ ਬਾਕੀ ਪੰਛੀਆਂ ਨੂੰ ਉਡਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਹ ਕਿਸੇ ਹੋਰ ਥਾਂ ’ਤੇ ਸਿਹਤਮੰਦ ਪੰਛੀਆਂ ਨੂੰ ਨਾ ਮਿਲਣ ਅਤੇ ਵਾਇਰਸ ਨੂੰ ਨਾ ਫੈਲੇ।
 


Tanu

Content Editor

Related News