ਆਪਸ ''ਚ ਟਕਰਾਈਆਂ 8 ਗੱਡੀਆਂ, ਧੂਹ-ਧੂਹ ਕੇ ਸੜੀ ਕਾਰ
Monday, Nov 18, 2024 - 05:38 PM (IST)
ਕੈਥਲ- ਕਈ ਸੂਬਿਆਂ ਵਿਚ ਸੰਘਣੀ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਹਿਸਾਰ-ਚੰਡੀਗੜ੍ਹ ਹਾਈਵੇਅ 'ਤੇ ਕਰੇਨ, ਟਰੱਕ, ਪਿਕਅੱਪ ਸਮੇਤ 8 ਗੱਡੀਆਂ ਆਪਸ 'ਚ ਟਕਰਾ ਗਈਆਂ। ਜਿਸ ਵਿਚ ਨਰਵਾਣਾ ਵਾਸੀ ਸੂਰਿਆ ਪ੍ਰਕਾਸ਼ ਦੀ ਕਾਰ 'ਚ ਅੱਗ ਲੱਗ ਗਈ, ਜੋ ਮੌਕੇ 'ਤੇ ਹੀ ਸੜ ਕੇ ਸੁਆਹ ਹੋ ਗਈ। ਹਾਲਾਂਕਿ ਗੱਡੀ ਵਿਚ ਬੈਠੇ ਦੋਵੇਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਡਰਾਈਵਰ ਨੂੰ ਵੱਧ ਜ਼ਖ਼ਮੀ ਹੋਣ ਕਾਰਨ ਗੰਭੀਰ ਹਾਲਤ ਵਿਚ ਕੈਥਲ ਦੇ ਨਾਗਰਿਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਸ ਦੀ ਗੱਡੀ ਵੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਈ।
ਕਾਰ 'ਚ ਲੱਗੇ ਹੀਟਰ 'ਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ
ਕਾਰ 'ਚ ਅੱਗ ਲੱਗਣ ਦਾ ਕਾਰਨ ਇਸ ਦੇ ਅੰਦਰ ਲੱਗੇ ਹੀਟਰ 'ਚ ਹੋਏ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਨਰਵਾਣਾ ਦਾ ਰਹਿਣ ਵਾਲਾ ਸੂਰਿਆ ਪ੍ਰਕਾਸ਼ ਆਪਣੇ ਇਕ ਦੋਸਤ ਨਾਲ ਕਾਰ 'ਚ ਸਵਾਰ ਹੋ ਕੇ ਕੈਥਲ ਵੱਲ ਆ ਰਿਹਾ ਸੀ, ਜਦੋਂ ਉਨ੍ਹਾਂ ਦੀ ਕਾਰ ਅੱਗੇ ਜਾ ਰਹੀ ਇਕ ਕਰੇਨ ਨਾਲ ਟਕਰਾ ਗਈ। ਉਸ ਸਮੇਂ ਗੱਡੀ ਦੇ ਅੰਦਰ ਹੀਟਰ ਚੱਲ ਰਿਹਾ ਸੀ, ਜਿਸ ਕਾਰਨ ਗੱਡੀ ਵਿਚ ਸ਼ਾਰਟ ਸਰਕਟ ਹੋ ਗਿਆ ਅਤੇ ਉਸ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ 'ਚ ਕਾਰ ਸੜ ਕੇ ਸੁਆਹ ਹੋ ਗਈ।
ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਜੈ ਭਗਵਾਨ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ 5 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਾਟਾ ਨੇੜੇ ਕੁਝ ਗੱਡੀਆਂ ਆਪਸ 'ਚ ਟਕਰਾ ਕੇ ਨੁਕਸਾਨੀਆਂ ਗਈਆਂ ਹਨ। ਜਿਸ ਵਿਚੋਂ ਇਕ ਗੱਡੀ ਪੂਰੀ ਤਰ੍ਹਾਂ ਸੜ ਗਈ ਹੈ। ਨਰਵਾਣਾ ਦੇ ਜੈਪ੍ਰਕਾਸ਼ ਅਤੇ ਉਸ ਦਾ ਇਕ ਦੋਸਤ ਇਕ ਵਿਆਹ ਸਮਾਗਮ 'ਚ ਜਾ ਰਹੇ ਸਨ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਹਿਸਾਰਚੰਡੀਗੜ੍ਹ ਹਾਈਵੇਅ 'ਤੇ ਇਕ ਕਰੇਨ, ਇਕ ਵੱਡੀ ਟਰਾਲੀ, ਇਕ ਟਰੱਕ ਪਿਕਅੱਪ ਅਤੇ ਹੋਰ ਕਈ ਵਾਹਨ ਆਪਸ ਵਿਚ ਟਕਰਾ ਗਏ ਸਨ।