ਮੁਸਲਿਮ ਵਿਦਿਆਰਥੀਆਂ ਦੇ ਉੱਚ ਸਿੱਖਿਆ ਦਾਖ਼ਲੇ ’ਚ 8 ਫ਼ੀਸਦੀ ਦੀ ਗਿਰਾਵਟ, UP ’ਚ ਸਥਿਤੀ ਸਭ ਤੋਂ ਖਰਾਬ
Wednesday, May 31, 2023 - 10:56 AM (IST)
ਜਲੰਧਰ/ਨਵੀਂ ਦਿੱਲੀ- ਭਾਰਤੀ ਮੁਸਲਿਮ ਵਿਦਿਆਰਥੀਆਂ ਦਾ ਉੱਚ ਸਿੱਖਿਆ ਵੱਲ ਰੁਝਾਨ ਘੱਟਦਾ ਜਾ ਰਿਹਾ ਹੈ। ਸਕੂਲੀ ਸਿੱਖਿਆ ਤੋਂ ਬਾਅਦ ਉਹ ਕਾਲਜ ਪੱਧਰ ਦੀ ਸਿੱਖਿਆ ਤੱਕ ਨਹੀਂ ਪਹੁੰਚਦੇ। ਉੱਚ ਸਿੱਖਿਆ ਅਤੇ ਅਖਿਲ ਭਾਰਤੀ ਸਰਵੇਖਣ 2020-21 (AISHI) 'ਚ ਮੁਸਲਿਮ ਵਿਦਿਆਰਥੀਆਂ ਦੀ ਨਿਰਾਸ਼ਾ ਭਰੀ ਤਸਵੀਰ ਸਾਹਮਣੇ ਆਈ ਹੈ। ਸਰਵੇਖਣ ਵਿਚ ਜਿੱਥੇ 2019-20 ਦੇ ਮੁਕਾਬਲੇ ਉੱਚ ਸਿੱਖਿਆ ਗ੍ਰਹਿਣ ਕਰਨ ਵਾਲੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਹੋਰ ਪੱਛੜੇ ਵਰਗ (ਓ. ਬੀ. ਸੀ.) ਵਿਦਿਆਰਥੀਆਂ ਦੀ ਗਿਣਤੀ ਵਿਚ ਕ੍ਰਮਵਾਰ 4.2, 11.9 ਤੇ 4 ਫੀਸਦੀ ਦਾ ਸੁਧਾਰ ਦਰਜ ਕੀਤਾ ਗਿਆ ਹੈ, ਉੱਥੇ ਹੀ ਮੁਸਲਿਮ ਵਿਦਿਆਰਥੀਆਂ ਦੇ ਉੱਚ ਸਿੱਖਿਆ ਦਾਖਲੇ ਵਿਚ 8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਮਾਮਲੇ ’ਚ ਉੱਤਰ ਪ੍ਰਦੇਸ਼ ਦੀ ਸਥਿਤੀ ਸਭ ਤੋਂ ਖਰਾਬ ਹੈ ਜਿੱਥੇ ਉੱਚ ਸਿੱਖਿਆ ਵਿਚ ਦਾਖਲਾ ਹਾਸਲ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਦੀ ਗਿਣਤੀ 36 ਫੀਸਦੀ ਹੈ। AISHI ਦੇ ਸਰਵੇਖਣ ਅਨੁਸਾਰ ਉੱਚ ਸਿੱਖਿਆ ਵਿਚ ਵਿਦਿਆਰਥੀਆਂ ਦੀ ਕੁਲ ਅੰਦਾਜ਼ਨ ਨਾਮਜ਼ਦਗੀ 4,13,80,71 ਹੈ। ਲਗਭਗ 91 ਲੱਖ ਵਿਦਿਆਰਥੀ ਯੂਨੀਵਰਸਿਟੀਆਂ ਤੇ ਸਬੰਧਤ ਇਕਾਈਆਂ ਵਿਚ ਹਨ। ਮਹਿਲਾ ਵਿਦਿਆਰਥੀਆਂ ਦੀ ਗਿਣਤੀ 48.67 ਫੀਸਦੀ ਹੈ, ਜਦੋਂਕਿ ਪੁਰਸ਼ ਵਿਦਿਆਰਥੀਆਂ ਦੀ ਨਾਮਜ਼ਦਗੀ 51.33 ਫੀਸਦੀ ਹੈ।
ਸਕੂਲੀ ਸਿੱਖਿਆ ਤੋਂ ਬਾਅਦ ਰੋਜ਼ਗਾਰ ਦੀ ਭਾਲ
ਉੱਚ ਸਿੱਖਿਆ ਗ੍ਰਹਿਣ ਨਾ ਕਰ ਸਕਣ ਵਾਲੇ ਮੁਸਲਿਮ ਵਿਦਿਆਰਥੀਆਂ ਦੀ ਗਿਣਤੀ ਲਗਭਗ 1 ਲੱਖ 79 ਹਜ਼ਾਰ ਹੈ। ਜਾਣਕਾਰਾਂ ਦੀ ਮੰਨੀਏ ਤਾਂ ਇਸ ਗਿਰਾਵਟ ਵਿਚ ਕੋਰੋਨਾ ਮਹਾਮਾਰੀ ਦਾ ਵੀ ਯੋਗਦਾਨ ਹੈ, ਜਿਸ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਗਰੀਬੀ ਕਾਰਨ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਰੋਜ਼ਗਾਰ ਦੇ ਪਿੱਛੇ ਭੱਜਣ ਲਈ ਮਜਬੂਰ ਕਰ ਦਿੱਤਾ ਹੈ। ਸਭ ਤੋਂ ਵੱਧ ਗਿਰਾਵਟ ਉੱਤਰ ਪ੍ਰਦੇਸ਼ ਵਿਚ (36 ਫੀਸਦੀ) ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਦੂਜੇ ਨੰਬਰ ’ਤੇ ਜੰਮੂ-ਕਸ਼ਮੀਰ 26 ਫੀਸਦੀ, ਤੀਜੇ ਨੰਬਰ ’ਤੇ ਮਹਾਰਾਸ਼ਟਰ 8.5 ਫੀਸਦੀ ਅਤੇ ਤਾਮਿਲਨਾਡੂ 8.1 ਫੀਸਦੀ ਦੇ ਨਾਲ ਚੌਥੇ ਨੰਬਰ ’ਤੇ ਰਿਹਾ ਹੈ।
ਦਿੱਲੀ ’ਚ ਹਰ 5ਵਾਂ ਮੁਸਲਿਮ ਵਿਦਿਆਰਥੀ ਸੀਨੀਅਰ ਸਕੂਲ ਸਰਟੀਫਿਕੇਟ ਪ੍ਰੀਖਿਆ ਪੂਰੀ ਕਰਨ ਤੋਂ ਬਾਅਦ ਉੱਚ ਸਿੱਖਿਆ ਵਿਚ ਦਾਖਲਾ ਹਾਸਲ ਕਰਨ ’ਚ ਅਸਫਲ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਜਿੱਥੇ ਮੁਸਲਿਮ ਕੁਲ ਆਬਾਦੀ ਦਾ 20 ਫੀਸਦੀ ਹਨ, ਉੱਥੇ ਹੀ ਉੱਚ ਸਿੱਖਿਆ ਲਈ ਭਾਈਚਾਰੇ ਦੇ ਵਿਦਿਆਰਥੀਆਂ ਦਾ ਦਾਖਲਾ ਸਿਰਫ 4.5 ਫੀਸਦੀ ਹੈ।
ਦੇਸ਼ ’ਚ ਮੁਸਲਿਮ ਅਧਿਆਪਕਾਂ ਦੀ ਗਿਣਤੀ ਵੀ ਘੱਟ
ਸਰਬ ਭਾਰਤ ਪੱਧਰ ’ਤੇ ਜਨਰਲ ਵਰਗ ਦੇ ਅਧਿਆਪਕ ਕੁਲ ਅਧਿਆਪਕਾਂ ਦਾ 56 ਫੀਸਦੀ ਹਨ। ਓ. ਬੀ. ਸੀ., ਐੱਸ. ਸੀ. ਤੇ ਐੱਸ. ਟੀ. ਅਧਿਆਪਕਾਂ ਦੀ ਗਿਣਤੀ ਕ੍ਰਮਵਾਰ 32 ਫੀਸਦੀ, 9 ਫੀਸਦੀ ਤੇ 2.5 ਫੀਸਦੀ ਹੈ। ਮੁਸਲਿਮ ਅਧਿਆਪਕਾਂ ਦੀ ਗਿਣਤੀ ਸਿਰਫ 5.6 ਫੀਸਦੀ ਹੈ। ਲਿੰਗ ਦੇ ਆਧਾਰ ’ਤੇ ਵੇਖਿਆ ਜਾਵੇ ਤਾਂ ਦੇਸ਼ ਵਿਚ 100 ਵਿਚੋਂ 75 ਮਹਿਲਾ ਅਧਿਆਪਕ ਹਨ। ਇਨ੍ਹਾਂ ਵਿਚ ਵੀ ਓ. ਬੀ. ਸੀ., ਐੱਸ. ਸੀ. ਤੇ ਐੱਸ. ਟੀ. ਵਰਗਾਂ ਦੀਆਂ ਮਹਿਲਾ ਅਧਿਆਪਕ ਆਪਣੇ ਮੁਸਲਿਮ ਹਮਅਹੁਦਿਆਂ ਦੀ ਤੁਲਨਾ ’ਚ ਬਿਹਤਰ ਕਾਰਗੁਜ਼ਾਰੀ ਵਿਖਾ ਰਹੀਆਂ ਹਨ।
71 ਫੀਸਦੀ ਮਹਿਲਾ ਓ. ਬੀ. ਸੀ. ਅਧਿਆਪਕ ਅਤੇ 75 ਫੀਸਦੀ ਮਹਿਲਾ ਐੱਸ. ਟੀ. ਅਧਿਆਪਕ ਹਨ। ਹਰੇਕ 100 ਪੁਰਸ਼ ਮੁਸਲਿਮ ਅਧਿਆਪਕਾਂ ਵਿਚ ਸਿਰਫ 59 ਮਹਿਲਾ ਮੁਸਲਿਮ ਅਧਿਆਪਕ ਹਨ। ਇਸ ਲਈ ਅਧਿਆਪਨ ਸੰਸਥਾਵਾਂ ਵਿਚ ਮੁਸਲਿਮ ਅਧਿਆਪਕਾਂ ਦੀ ਮੌਜੂਦਗੀ ਨੂੰ ਵੀ ਵਿਦਿਆਰਥੀਆਂ ਦੀ ਗਿਣਤੀ ਵਿਚ ਜੋੜ ਕੇ ਵੇਖਿਆ ਜਾਂਦਾ ਹੈ। ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਗੈਰ-ਅਧਿਆਪਨ ਕਰਮਚਾਰੀਆਂ ਵਿਚ ਪ੍ਰਤੀ 100 ਪੁਰਸ਼ਾਂ ਵਿਚ ਸਭ ਤੋਂ ਵੱਧ ਔਰਤਾਂ ਹੋਰ ਘੱਟ ਗਿਣਤੀ ਭਾਈਚਾਰਿਆਂ ਵਿਚੋਂ 85 ਹਨ। ਇਸ ਵਿਚ ਮੁਸਲਿਮ ਭਾਈਚਾਰੇ ਦੀ ਗੱਲ ਕਰੀਏ ਤਾਂ 100 ਪੁਰਸ਼ਾਂ ਲਈ 34 ਔਰਤਾਂ ਦੇ ਨਾਲ ਮੁਸਲਮਾਨਾਂ ਦਾ ਹਿੱਸਾ ਸਭ ਤੋਂ ਘੱਟ ਹੈ।
ਕੇਰਲ ’ਚ ਮੁਸਲਿਮ ਵਿਦਿਆਰਥੀਆਂ ਦੀ ਸਥਿਤੀ ਬਿਹਤਰ
ਕੇਰਲ ਦੇਸ਼ ਦਾ ਇਕੋ-ਇਕ ਅਜਿਹਾ ਸੂਬਾ ਹੈ, ਜਿੱਥੇ ਮੁਸਲਿਮ ਵਿਦਿਆਰਥੀ ਉੱਚ ਸਿੱਖਿਆ ਗ੍ਰਹਿਣ ਕਰਨ ਦੀ ਬਿਹਤਰ ਸਥਿਤੀ ਵਿਚ ਹਨ। ਸੂਬੇ ’ਚ ਮੁਸਲਿਮ ਵਿਦਿਆਰਥੀਆਂ ਦਾ ਉੱਚ ਸਿੱਖਿਆ ਵਿਚ ਦਾਖਲਾ 43 ਫੀਸਦੀ ਦਰਜ ਕੀਤਾ ਗਿਆ ਹੈ। ਜੇ ਓ. ਬੀ. ਸੀ. ਭਾਈਚਾਰੇ ਦੀ ਗੱਲ ਕਰੀਏ ਤਾਂ ਉੱਚ ਸਿੱਖਿਆ ਵਿਚ ਇਨ੍ਹਾਂ ਦੀ ਹਿੱਸੇਦਾਰੀ 36 ਫੀਸਦੀ ਅਤੇ ਐੱਸ. ਸੀ. ਭਾਈਚਾਰੇ ਦੀ ਹਿੱਸੇਦਾਰੀ 14 ਫੀਸਦੀ ਹੈ। ਦੋਵਾਂ ਭਾਈਚਾਰਿਆਂ ਦੇ ਵਿਦਿਆਰਥੀਆਂ ਕੋਲ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਲਗਭਗ 50 ਫੀਸਦੀ ਸੀਟਾਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਵਿਚ ਪੁਰਸ਼ ਵਿਦਿਆਰਥੀਆਂ ਦੀ ਤੁਲਨਾ ’ਚ ਮਹਿਲਾ ਵਿਦਿਆਰਥੀਆਂ ਦੀ ਗਿਣਤੀ ਵੱਧ ਹੈ, ਜੋ ਪੁਰਸ਼ਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਦਬਾਅ ਵੱਲ ਇਸ਼ਾਰਾ ਕਰਦੀ ਹੈ।