ਉੱਤਰ ਪ੍ਰਦੇਸ਼ ''ਚ ਵਾਪਰਿਆ ਭਿਆਨਕ ਹਾਦਸਾ, 8 ਲੋਕਾਂ ਦੀ ਮੌਤ

Tuesday, May 03, 2022 - 02:43 PM (IST)

ਉੱਤਰ ਪ੍ਰਦੇਸ਼ ''ਚ ਵਾਪਰਿਆ ਭਿਆਨਕ ਹਾਦਸਾ, 8 ਲੋਕਾਂ ਦੀ ਮੌਤ

ਕਾਸਗੰਜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਥਾਣਾ ਖੇਤਰ 'ਚ ਮੰਗਲਵਾਰ ਨੂੰ ਸ਼ਰਧਾਲੂਆਂ ਨਾਲ ਭਰੇ ਇਕ ਟੈਂਪੂ ਦੀ ਸਾਹਮਣੇ ਤੋਂ ਆ ਰਹੀ ਇਕ ਬੋਲੈਰੋ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਮੁਤਾਬਕ ਪਟਿਆਲੀ ਥਾਣਾ ਖੇਤਰ ਦੇ ਬਦਾਯੂੰ-ਮੈਨਪੁਰੀ ਰੋਡ 'ਤੇ ਮੰਗਲਵਾਰ ਸਵੇਰੇ ਸ਼ਰਧਾਲੂਆਂ ਨਾਲ ਭਰਿਆ ਇਕ ਟੈਂਪੂ ਸਾਹਮਣੇ ਤੋਂ ਆ ਰਹੀ ਇਕ ਬੋਲੈਰੋ ਨਾਲ ਟਕਰਾ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਭੋਲੇ ਬਾਬਾ ਦੇ ਸਤਿਸੰਗ 'ਚ ਹਿੱਸਾ ਲੈਣ ਜਾ ਰਹੇ ਟੈਂਪੂ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ 'ਚੋਂ 2 ਦੀ ਬਾਅਦ ਵਿਚ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਹਰਸ਼ਿਤਾ ਮਾਥੁਰ ਅਤੇ ਪੁਲਸ ਸੁਪਰਡੈਂਟ ਰੋਹਨ ਪ੍ਰਮੋਦ ਬੋਤਰੇ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਹਾਈ ਕੋਰਟ ਵਲੋਂ ਰਾਮ ਰਹੀਮ ਨੂੰ ਰਾਹਤ, ਬੇਅਦਬੀ ਮਾਮਲੇ ’ਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਮਿਲੀ ਮਨਜ਼ੂਰੀ

ਪੁਲਸ ਸੁਪਰਡੈਂਟ ਦੇ ਅਨੁਸਾਰ ਹਾਦਸੇ 'ਚ ਮਾਰੇ ਗਏ 8 ਲੋਕਾਂ ਵਿਚ ਟੈਂਪੂ ਸਵਾਰ 5 ਔਰਤਾਂ ਅਤੇ 2 ਬੱਚੇ ਸ਼ਾਮਲ ਹਨ, ਇਸ ਤੋਂ ਇਲਾਵਾ ਇਕ ਬੋਲੈਰੋ ਸਵਾਰ ਵਿਅਕਤੀ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਪਟਿਆਲੀ ਦੇ ਬਹਾਦਰ ਨਗਰ ਵਿਚ ਭੋਲੇ ਬਾਬਾ ਦਾ ਆਸ਼ਰਮ ਹੈ, ਜਿੱਥੇ ਹਰ ਮੰਗਲਵਾਰ ਨੂੰ ਸਤਿਸੰਗ ਹੁੰਦੀ ਹੈ। ਦੂਰੋਂ ਦੂਰੋਂ ਸ਼ਰਧਾਲੂ ਸਤਿਸੰਗ ਵਿਚ ਭਾਗ ਲੈਣ ਲਈ ਆਉਂਦੇ ਹਨ। ਫਰੂਖਾਬਾਦ ਦੇ ਚਿਲੋਲੀ ਪਿੰਡ ਤੋਂ ਬਾਬਾ ਦੇ ਪੈਰੋਕਾਰ ਵੀ ਸਤਿਸੰਗ 'ਚ ਸ਼ਾਮਲ ਹੋਣ ਲਈ ਆਸ਼ਰਮ ਜਾ ਰਹੇ ਸਨ ਪਰ ਮੈਨਪੁਰੀ-ਬਦਾਯੂੰ ਹਾਈਵੇ 'ਤੇ ਉਨ੍ਹਾਂ ਦੇ ਟੈਂਪੋ ਦੀ ਬੋਲੈਰੋ ਨਾਲ ਟੱਕਰ ਹੋ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਕਿਹਾ,''ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਸਗੰਜ ਜ਼ਿਲ੍ਹੇ 'ਚ ਸੜਕ ਹਾਦਸੇ 'ਚ ਹੋਏ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਜਤਾਇਆ ਹੈ।'' ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚਣ ਅਤੇ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News