75 ਸਾਲਾ ਵਾਜਪਾਈ ਬਨਾਮ 75 ਸਾਲਾ ਮੋਦੀ

Friday, Sep 19, 2025 - 12:33 AM (IST)

75 ਸਾਲਾ ਵਾਜਪਾਈ ਬਨਾਮ 75 ਸਾਲਾ ਮੋਦੀ

ਨੈਸ਼ਨਲ ਡੈਸਕ- ਭਾਜਪਾ ਦੇ ਸਫ਼ਰ ’ਚ ਇਹ ਇਕ ਅਨੋਖਾ ਸੰਯੋਗ ਹੈ। ਪਾਰਟੀ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ 1999 ਵਿਚ 75 ਸਾਲ ਦੇ ਹੋਣ ’ਤੇ ਅਹੁਦੇ ’ਤੇ ਸਨ। ਉਨ੍ਹਾਂ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ ਪਰ ਇਸ ਦੀ ਅਗਵਾਈ ਮੁੱਖ ਤੌਰ ’ਤੇ ਪਾਰਟੀ ਦੇ ਕੁੱਝ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੀਤੀ -ਖੂਨਦਾਨ ਕੈਂਪਾਂ, ਮੀਡੀਆ ਵਿਚ ਸ਼ਰਧਾਂਜਲੀ ਅਤੇ ਵਿਸ਼ੇਸ਼ ਲੇਖਾਂ ਰਾਹੀਂ।

ਹੁਣ, ਜਦੋਂ 17 ਸਤੰਬਰ ਨੂੰ ਨਰਿੰਦਰ ਮੋਦੀ 75 ਸਾਲ ਦੇ ਹੋ ਗਏ, ਤਾਂ ਇਹ ਪੈਮਾਨਾ ਕਿਤੇ ਹੋਰ ਵੱਡਾ ਹੋ ਗਿਆ। ਉਨ੍ਹਾਂ ਦੇ ਜਨਮ ਦਿਨ ਨੂੰ ‘ਸੇਵਾ ਦਿਵਸ’ ਵਜੋਂ ਚੁਣਿਆ ਗਿਆ ਅਤੇ ਇਕ ਪੰਦਰਵਾੜਾ ਚੱਲਣ ਵਾਲਾ ਰਾਸ਼ਟਰੀ ਪ੍ਰੋਗਰਾਮ ‘ਸੇਵਾ ਪੰਦਰਵਾੜਾ’ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਵਿਚ ਨਾ ਸਿਰਫ਼ ਭਾਜਪਾ, ਸਗੋਂ ਕੇਂਦਰ ਅਤੇ ਸੂਬਾ ਸਰਕਾਰਾਂ ਵੀ ਯੋਜਨਾਵਾਂ, ਭਲਾਈ ਪ੍ਰੋਗਰਾਮਾਂ ਅਤੇ ਜਨਤਾ ਤੱਕ ਪਹੁੰਚ ਦੀ ਸ਼ੁਰੂਆਤ ਕਰ ਰਹੀਆਂ ਹਨ।

ਇਨ੍ਹਾਂ ਦੋਵਾਂ ਮੀਲ ਪੱਥਰਾਂ ਦੇ ਦਰਮਿਆਨ ਇਕ ਸਾਂਝੀ ਕੜੀ ਹਨ ਵਿਜੇ ਗੋਇਲ-ਇਕ ਭਰੋਸੇਮੰਦ ਪ੍ਰਬੰਧਕ, ਜੋ ਵਾਜਪਾਈ ਦੀ ਜਨਮ ਦਿਨ ਕਮੇਟੀ ਦਾ ਹਿੱਸਾ ਸਨ ਅਤੇ ਹੁਣ ਨਰਿੰਦਰ ਮੋਦੀ ਦੇ ਅਧੀਨ ਗਾਂਧੀ ਸਮ੍ਰਿਤੀ ਅਤੇ ਦਰਸ਼ਨ ਸਮਿਤੀ ਦੇ ਉਪ-ਚੇਅਰਮੈਨ ਹਨ। ਵਿਰੋਧੀ ਧਿਰ, ਜਿਸਨੇ ਵਾਜਪਾਈ ਦੇ ਸਮਾਗਮਾਂ ਵਿਚ ਸਰਕਾਰੀ ਸਰੋਤਾਂ ਦੀ ਵਰਤੋਂ ਦੀ ਆਲੋਚਨਾ ਕੀਤੀ ਸੀ, ਨੇ ਹੁਣ ਇਸੇ ਤਰ੍ਹਾਂ ਦੇ ਇਤਰਾਜ਼ ਉਠਾਏ ਹਨ, ਹਾਲਾਂਕਿ ਉਸਦੀ ਆਵਾਜ਼ ਕਾਫੀ ਮੱਠੀ ਰਹੀ।

ਜਦੋਂ ਵਾਜਪਾਈ 75 ਸਾਲ ਦੇ ਹੋਏ, ਤਾਂ ਉਨ੍ਹਾਂ ਨੇ ਆਪਣੀ ਪ੍ਰਸਿੱਧ ਟਿੱਪਣੀ, ‘‘ਮੈਂ ਨਾ ਤਾਂ ਥੱਕਿਆ ਹਾਂ ਅਤੇ ਨਾ ਹੀ ਸੇਵਾਮੁਕਤ ਹਾਂ’’ ਕਹਿ ਕੇ ਅਹੁਦਾ ਛੱਡਣ ਦੀਆਂ ਨੂੰ ਕਿਆਸਰਾਈਆਂ ਨੂੰ ਸ਼ਾਂਤ ਕਰ ਦਿੱਤਾ। ਹਾਲਾਂਕਿ, ਮੋਦੀ ਨੂੰ ਕਦੇ ਵੀ ਅਜਿਹੀ ਦੁਬਿਧਾ ਦਾ ਸਾਹਮਣਾ ਨਹੀਂ ਕਰਨਾ ਪਿਆ। ਆਰ . ਐੱਸ . ਐੱਸ. ਮੁਖੀ ਮੋਹਨ ਭਾਗਵਤ ਨੇ ਇਸ ਬਾਰੇ ਬਹਿਸ ਨੂੰ ਪਹਿਲਾਂ ਹੀ ਰੋਕ ਦਿੱਤਾ ਸੀ ਅਤੇ ਸਵਾਲ ਉੱਠਣ ਤੋਂ ਬਹੁਤ ਪਹਿਲਾਂ ਦਿੱਲੀ ਵਿਚ ਇਸ ਨੂੰ ਸਪੱਸ਼ਟ ਕਰ ਦਿੱਤਾ ਸੀ।


author

Rakesh

Content Editor

Related News