ਦਿੱਲੀ : ਦਿਨ-ਦਿਹਾੜੇ ਸਕੂਟੀ ਸਵਾਰ ਔਰਤ ਦੀ ਹੱਤਿਆ, ਸੂਏ ਨਾਲ ਕੀਤੇ ਕਈ ਵਾਰ
Thursday, Jun 22, 2023 - 11:00 AM (IST)
ਨੈਸ਼ਨਲ ਡੈਸਕ— ਦਿੱਲੀ 'ਚ ਲੰਬੇ ਸਮੇਂ ਤੋਂ ਅਪਰਾਧਾਂ 'ਚ 'ਚਿੰਤਾਜਨਕ' ਵਾਧਾ ਦੇਖਿਆ ਜਾ ਰਿਹਾ ਹੈ। ਪੈਦਲ ਚੱਲਣ ਵਾਲੇ ਲੋਕ ਵੀ ਸੁਰੱਖਿਅਤ ਨਹੀਂ ਹਨ ਅਤੇ ਸਿਆਸੀ ਪਾਰਟੀਆਂ ਰਾਜਧਾਨੀ ਦੀ ਸੁਰੱਖਿਆ ਨੂੰ ਲੈ ਕੇ ਇਕ-ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ 'ਚ ਵੱਧ ਰਹੇ ਅਪਰਾਧਾਂ ਨੂੰ ਲੈ ਕੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਲੋਕਾਂ ਕੋਲ ਕੋਈ ਠੋਸ ਹੱਲ ਨਹੀਂ ਹੈ ਅਤੇ ਉਹ ਸਿਰਫ਼ ਦੋਸ਼ਾਂ ਦੀ ਖੇਡ ਦਾ ਸਹਾਰਾ ਲੈ ਰਹੇ ਹਨ। ਇਸੇ ਦੌਰਾਨ ਦਿੱਲੀ 'ਚ ਇੱਕ ਹੋਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ NTR ਜੂਨੀਅਰ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ
ਸਕੂਟੀ ਸਵਾਰ ਇਕ ਬਜ਼ੁਰਗ ਔਰਤ 'ਤੇ ਹਮਲਾ
ਪੂਰਬੀ ਦਿੱਲੀ ਦੇ ਮੰਡਾਵਲੀ ਇਲਾਕੇ 'ਚ ਮੰਗਲਵਾਰ ਨੂੰ ਦਿਨ-ਦਿਹਾੜੇ ਸਕੂਟੀ 'ਤੇ ਸਵਾਰ ਇਕ ਬਜ਼ੁਰਗ ਔਰਤ ਨੂੰ 12 ਤੋਂ ਜ਼ਿਆਦਾ ਵਾਰ ਸੂਏ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੁਧਾ ਗੁਪਤਾ (72) ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਮਲੇ ਤੋਂ ਬਾਅਦ ਔਰਤ ਨੂੰ ਪ੍ਰੀਤ ਵਿਹਾਰ ਦੇ ਮੈਟਰੋ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਸੁਧਾ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਘਟਨਾ ਦੇ ਸਮੇਂ ਸੁਧਾ ਆਪਣੇ ਘਰ ਦਾ ਕਿਰਾਇਆ ਇਕੱਠਾ ਕਰਕੇ ਮੰਡਾਵਲੀ ਤੋਂ ਲਕਸ਼ਮੀ ਨਗਰ ਵੱਲ ਵਾਪਸ ਆ ਰਹੀ ਸੀ। ਰਿਸ਼ਤੇਦਾਰਾਂ ਨੇ ਮੰਡਾਵਲੀ 'ਚ ਦੁਕਾਨ ਦੇ ਬਾਹਰ ਰੇਹੜੀ 'ਤੇ ਕੰਮ ਕਰਨ ਵਾਲੀ ਔਰਤ 'ਤੇ ਬਜ਼ੁਰਗ ਦਾ ਕਤਲ ਕਰਵਾਉਣ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ: ਸੁਜ਼ੂਕੀ ਮੋਟਰ ਕੰਪਨੀ ਨੇ ਪਾਕਿਸਤਾਨ 'ਚ ਬੰਦ ਕੀਤੀ ਆਪਣੀ ਫੈਕਟਰੀ, ਜਾਣੋ ਕਾਰਨ
ਥਾਣਾ ਮੰਡਵਾਲੀ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਅਨੁਸਾਰ ਸੁਧਾ ਆਪਣੇ ਪਰਿਵਾਰ ਨਾਲ ਗੁਰੂ ਨਾਨਕਪੁਰਾ, ਲਕਸ਼ਮੀ ਨਗਰ ਵਿਖੇ ਰਹਿੰਦੀ ਸੀ। ਉਨ੍ਹਾਂ ਦੇ ਪਰਿਵਾਰ 'ਚ ਤਿੰਨ ਪੁੱਤਰ ਅਤੇ ਦੋ ਧੀਆਂ ਹਨ। ਧੀਆਂ ਵਿਆਹੀਆਂ ਹੋਈਆਂ ਹਨ। ਬਜ਼ੁਰਗ ਔਰਤ ਦੇ ਪਤੀ ਵਿਜੇਪਾਲ ਦੀ ਮੌਤ ਹੋ ਗਈ ਹੈ। ਉਸ ਦੇ ਤਿੰਨ ਪੁੱਤਰਾਂ 'ਚੋਂ ਦੋ ਡਾਕਟਰ ਹਨ। ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸੁਧਾ ਗੁਪਤਾ ਦੀ ਮੰਡਾਵਲੀ 'ਚ ਜਾਇਦਾਦ ਹੈ।
ਔਰਤ ਦੇ ਲੜਕੇ ਨੇ ਦੋਸ਼ ਲਾਇਆ ਕਿ ਮੰਡਵਾਲੀ 'ਚ ਇੱਕ ਔਰਤ ਉਨ੍ਹਾਂ ਦੀ ਦੁਕਾਨ ਦੇ ਬਾਹਰ ਕਾਫੀ ਸਮੇਂ ਤੋਂ ਰੇਹੜੀ ਲਗਾਉਂਦੀ ਹੈ। ਮਾਂ ਨੇ ਔਰਤ ਨੂੰ ਰੇਹੜੀ ਲਾਉਣ ਤੋਂ ਮਨ੍ਹਾ ਕੀਤਾ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਤੂੰ-ਤੂੰ-ਮੈਂ-ਮੈਂ ਹੋ ਗਈ। ਔਰਤ ਨੇ ਉਨ੍ਹਾਂ ਦੀ ਮਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪਰਿਵਾਰ ਨੇ ਉਸ 'ਤੇ ਹੀ ਹੱਤਿਆ ਕਰਵਾਉਣ ਦਾ ਦੋਸ਼ ਲਗਾਇਆ ਹੈ। ਪੁਲਸ ਪਰਿਵਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਔਰਤ ਨਲ ਲੁੱਟ ਹੋਣ ਤੋਂ ਇਨਕਾਰ ਕੀਤਾ ਹੈ। ਪੁਲਸ ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।