ਉੱਤਰ ਪ੍ਰਦੇਸ਼ ਦੇ 14 ਸ਼ਹਿਰਾਂ ’ਚ ਦੌੜਨਗੀਆਂ 700 ‘ਇਲੈਕਟ੍ਰਿਕ ਬੱਸਾਂ’, ਹੋਣਗੀਆਂ ਖ਼ਾਸ ਸਹੂਲਤਾਂ ਨਾਲ ਲੈੱਸ
Wednesday, Jul 21, 2021 - 10:43 AM (IST)
ਲਖਨਊ— ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਵਾਤਾਵਰਣ ਪ੍ਰਦੂਸ਼ਣ ਨੇ ਇਲੈਕਟ੍ਰਿਕ ਵਾਹਨਾਂ ਦਾ ਕਰੇਜ਼ ਵਧਾ ਦਿੱਤਾ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਟਰਾਂਸਪੋਰਟ ਸੇਵਾਵਾਂ ਨੂੰ ਆਧੁਨਿਕ ਬਣਾਉਣ ਦੇ ਨਾਲ-ਨਾਲ ਯਾਤਰੀਆਂ ਨੂੰ ਸੁਵਿਧਾਜਨਕ ਸਫਰ ਮੁਹੱਈਆ ਕਰਾਉਣ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਨਗਰ ਵਿਕਾਸ ਮੰਤਰੀ ਆਸ਼ੂਤੋਸ਼ ਟੰਡਨ ਨੇ ਪ੍ਰਦੇਸ਼ ਦੇ 14 ਸ਼ਹਿਰਾਂ ਵਿਚ ਇਲੈਕਟ੍ਰਿਕ ਬੱਸਾਂ ਚਲਾਉਣ ਦੇ ਫ਼ੈਸਲੇ ਨੂੰ ਅਮਲੀਜਾਮਾ ਪਹਿਨਾਇਆ। ਲਖਨਊ ਵਿਚ ਇਲੈਕਟ੍ਰਿਕ ਬੱਸਾਂ ਦਾ ਸਫ਼ਰ ਸ਼ੁਰੂ ਕਰਨ ਲਈ ਇਕ ਮਹੀਨੇ ਲਈ ਟਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ।
ਜਲਦ ਹੀ ਲਖਨਊ, ਕਾਨਪੁਰ ਅਤੇ ਆਗਰਾ ਸਮੇਤ ਉੱਤਰ ਪ੍ਰਦੇਸ਼ ਦੇ 14 ਮੁੱਖ ਸ਼ਹਿਰਾਂ ’ਚ 700 ਇਲੈਕਟ੍ਰਿਕ ਬੱਸਾਂ ਦੌੜਨੀਆਂ ਸ਼ੁਰੂ ਹੋਣਗੀਆਂ। ਸੂਬੇ ਦੇ ਨਗਰ ਵਿਕਾਸ ਮੰਤਰੀ ਆਸ਼ੂਤੋਸ਼ ਟੰਡਨ ਨੇ ਕਿਹਾ ਕਿ ਪ੍ਰਦੇਸ਼ ਵਾਸੀਆਂ ਨੂੰ ਆਰਾਮਦਾਇਕ ਅਤੇ ਸਸਤੀ ਯਾਤਰਾ ਦੀ ਸਹੂਲਤ ਦਿੱਤੇ ਜਾਣ ਲਈ ਇਨ੍ਹਾਂ ਬੱਸਾਂ ਦਾ ਕਿਰਾਇਆ ਸਾਧਾਰਣ ਬੱਸਾਂ ਦੇ ਬਰਾਬਰ ਰੱਖਿਆ ਗਿਆ ਹੈ। ਹੋਰ ਪ੍ਰਦੇਸ਼ਾਂ ਦੀ ਤੁਲਨਾ ਵਿਚ ਇੰਨੀ ਵੱਡੀ ਗਿਣਤੀ ਵਿਚ ਇਲੈਕਟ੍ਰਿਕ ਬੱਸਾਂ ਸ਼ੁਰੂ ਕਰਨ ਵਾਲਾ ਉੱਤਰ ਪ੍ਰਦੇਸ਼ ਪਹਿਲਾ ਸੂਬਾ ਹੋਵੇਗਾ। ਪ੍ਰਦੇਸ਼ ਸਰਕਾਰ ਵਲੋਂ ਇਨ੍ਹਾਂ ਬੱਸਾਂ ਨੂੰ ਸ਼ੁਰੂ ਕਰਨ ਦੀ ਯੋਜਨਾ ’ਚ 965 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਸਬੰਧ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਆਧੁਨਿਕ ਤਕਨੀਕ ਨਾਲ ਲੈੱਸ ਇਨ੍ਹਾਂ ਬੱਸਾਂ ਦੇ ਸ਼ੁਰੂ ਹੋ ਜਾਣ ਨਾਲ 14 ਸ਼ਹਿਰਾਂ ਵਿਚ ਟਰੈਫਿਕ ਸਿਸਟਮ ਬਿਹਤਰ ਹੋਵੇਗਾ।
ਇਨ੍ਹਾਂ ਖ਼ਾਸ ਸਹੂਲਤਾਂ ਨਾਲ ਲੈੱਸ ਹੋਣਗੀਆਂ ਬੱਸਾਂ—
ਇਹ ਬੱਸਾਂ ਏਅਰ ਕੰਡੀਸ਼ਨਡ, ਆਰਾਮਦਾਇਕ ਅਤੇ ਹਵਾ ਪ੍ਰਦੂਸ਼ਣ ਤੋਂ ਮੁਕਤ ਹੋਣਗੀਆਂ। ਖ਼ਾਸ ਗੱਲ ਇਹ ਹੈ ਕਿ ਆਵਾਜ਼ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਬੱਸ ਵਿਚ ਐੱਲ. ਈ. ਡੀ. ਸਕ੍ਰੀਨ ਲੱਗੀ ਹੋਵੇਗੀ, ਗੂਗਲ ਮੈਪ ਨਾਲ ਲਾਈਵ ਟ੍ਰੈਕਿੰਗ ਕੀਤੀ ਜਾ ਸਕੇਗੀ। ਸੀ. ਸੀ. ਟੀ. ਵੀ. ਕੈਮਰੇ ਤੋਂ ਬੱਸ ਅਤੇ ਯਾਤਰੀਆਂ ਦੀ ਨਿਗਰਾਨੀ ਹੋ ਸਕੇਗੀ। ਇਸ ਦੇ ਨਾਲ ਹੀ ਬੱਸਾਂ ਵਿਚ ਪੈਨਿਕ ਬਟਨ ਹੋਣਗੇ।
ਉੱਤਰ ਪ੍ਰਦੇਸ਼ ਦੇ 14 ਸ਼ਹਿਰਾਂ ਵਿਚੋਂ 7 ਪੱਛਮੀ ਯੂ. ਪੀ. ਦੇ—
ਯੋਜਨਾ ਮੁਤਾਬਕ ਪ੍ਰਦੇਸ਼ ਦੇ 14 ਸ਼ਹਿਰਾਂ ਵਿਚ ਚੱਲਣ ਵਾਲੀਆਂ 700 ਇਲੈਕਟ੍ਰਿਕ ਬੱਸਾਂ ’ਚ ਕੇਂਦਰੀ ਉਦਯੋਗ ਮਹਿਕਮਾ 600 ਅਤੇ ਉੱਤਰ ਪ੍ਰਦੇਸ਼ ਸਰਕਾਰ 100 ਇਲੈਕਟ੍ਰਿਕ ਬੱਸਾਂ ਚਲਾਏਗੀ। ਜਿਨ੍ਹਾਂ 14 ਸ਼ਹਿਰਾਂ ਵਿਚ ਇਸ ਦਾ ਸੰਚਾਲਨ ਹੋਵੇਗਾ, ਉਸ ਵਿਚ ਆਗਰਾ ’ਚ 100, ਅਲੀਗੜ੍ਹ ’ਚ 25, ਮੁਰਾਦਾਬਾਦ ’ਚ 25, ਗਾਜ਼ੀਆਬਾਦ ’ਚ 50, ਮਥੁਰਾ ’ਚ 50, ਬਰੇਲੀ ਵਿਚ 25, ਮਰੇਠ ਵਿਚ 50, ਕਾਨਪੁਰ ਵਿਚ 100 ਇਲੈਕਟ੍ਰਿਕ ਬੱਸਾਂ ਚੱਲਣਗੀਆਂ।