ਫਾਹਾ ਬਣੀ ਪੀਂਘ ਦੀ ਰੱਸੀ, ਭੈਣ ਨਾਲ ਖੇਡਦਿਆਂ 7 ਸਾਲਾ ਬੱਚੀ ਦੀ ਹੋਈ ਦਰਦਨਾਕ ਮੌਤ
Sunday, Nov 20, 2022 - 01:36 AM (IST)
ਸਰਕਾਘਾਟ (ਮਹਾਜਨ) : ਮੰਡੀ ਜ਼ਿਲ੍ਹੇ ਦੇ ਸਰਕਾਘਾਟ ਉਪਮੰਡਲ ਦੀ ਗ੍ਰਾਮ ਪੰਚਾਇਤ ਨਬਾਹੀ 'ਚ ਇਕ 7 ਸਾਲਾ ਬੱਚੀ ਦੀ ਘਰ 'ਚ ਪੀਂਘ ਝੂਟਦਿਆਂ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਕੂਲ ਤੋਂ ਘਰ ਪਹੁੰਚਣ 'ਤੇ 2 ਭੈਣਾਂ ਨੇ ਰੋਜ਼ਾਨਾ ਦੀ ਤਰ੍ਹਾਂ ਖਾਣਾ ਖਾਧਾ ਅਤੇ ਖੇਡਣ ਲਈ ਨਿਕਲ ਗਈਆਂ। ਕਰੀਬ 5 ਵਜੇ ਦੋਵੇਂ ਆਪਣੇ ਕਮਰੇ 'ਚ ਲੱਗੀਆਂ ਵੱਖੋ-ਵੱਖਰੀਆਂ ਪੀਂਘਾਂ ਝੂਟਣ ਲੱਗ ਪਈਆਂ। ਅਚਾਨਕ ਝੂਲੇ ਦੀ ਰੱਸੀ ਵੱਡੀ ਧੀ ਸਵੇਤਾ ਦੇ ਗਲੇ 'ਚ ਫੱਸ ਗਈ ਅਤੇ ਉਸ ਦਾ ਗਲਾ ਘੁੱਟ ਗਿਆ। ਉਸ ਦੇ ਨਾਲ ਝੂਲ ਰਹੀ ਛੋਟੀ ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਭੈਣ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਹੈ। ਸਵੇਤਾ ਦੀ ਮਾਂ ਬਾਹਰ ਕੰਮ ਕਰ ਰਹੀ ਸੀ, ਉਹ ਭੱਜ ਕੇ ਕਮਰੇ 'ਚ ਗਈ ਤਾਂ ਦੇਖਿਆ ਕਿ ਬੱਚੀ ਬੇਹੋਸ਼ ਪਈ ਸੀ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ : ਲੁਟੇਰਿਆਂ ਨੇ ਦਿਖਾਈ ਪਿਸਤੌਲ ਤਾਂ ਕਾਰ ਚਾਲਕ ਨੇ ਵੀ ਕੀਤੀ ਫਾਈਰਿੰਗ, ਲੁਟੇਰੇ ਦੀ ਮੌਤ
ਮਾਂ ਤੁਰੰਤ ਧੀ ਨੂੰ ਨਾਲ ਲੱਗਦੇ ਕਲੀਨਿਕ ਲੈ ਗਈ, ਜਿੱਥੇ ਡਾਕਟਰ ਨੇ ਉਸ ਨੂੰ ਸਰਕਾਘਾਟ ਜਾਣ ਲਈ ਕਿਹਾ। ਰਿਸ਼ਤੇਦਾਰਾਂ ਨੇ ਬੱਚੀ ਨੂੰ ਤੁਰੰਤ ਸਿਵਲ ਹਸਪਤਾਲ ਸਰਕਾਘਾਟ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲੜਕੀ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਸੀ.ਆਰ.ਪੀ.ਸੀ. ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮ੍ਰਿਤਕਾ ਦਾ ਪਿਤਾ ਬ੍ਰਹਮਦਾਸ ਪ੍ਰਾਈਵੇਟ ਨੌਕਰੀ ਕਰਦਾ ਹੈ ਜਦੋਂਕਿ ਮਾਂ ਘਰੇਲੂ ਕੰਮ ਕਰਦੀ ਹੈ। ਉਨ੍ਹਾਂ ਦੀਆਂ 3 ਧੀਆਂ ਹਨ, ਜਿਨ੍ਹਾਂ 'ਚੋਂ ਸਵੇਤਾ ਸਭ ਤੋਂ ਵੱਡੀ ਸੀ ਅਤੇ ਤੀਜੀ ਜਮਾਤ 'ਚ ਪੜ੍ਹਦੀ ਸੀ। ਸਥਾਨਕ ਪੰਚਾਇਤ ਮੁਖੀ ਸੁਨੀਤਾ ਸ਼ਰਮਾ ਅਤੇ ਪਿੰਡ ਵਾਸੀਆਂ ਨੇ ਬੱਚੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡੀ. ਐੱਸ. ਪੀ. ਕੁਲਦੀਪ ਧੀਮਾਨ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।