ਕਰਨਾਟਕ ਦੇ 2 ਸਾਬਕਾ ਮੁੱਖ ਮੰਤਰੀਆਂ ਸਮੇਤ 64 ਨੂੰ ਮਾਰਨ ਦੀ ਧਮਕੀ
Sunday, Apr 10, 2022 - 12:04 PM (IST)
ਬੇਂਗਲੁਰੂ- ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ, ਐੱਚ. ਡੀ. ਕੁਮਾਰਸਵਾਮੀ ਅਤੇ ਲੇਖਕ ਕੇ. ਵੀਰਭਦਰੱਪਾ ਸਮੇਤ 64 ਲੋਕਾਂ ਨੂੰ ਜਾਨੋਂ ਮਾਰਨ ਦੀ ਦਿੱਤੀ ਗਈ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਇਨ੍ਹਾਂ ਸਾਰਿਆਂ ਨੂੰ ਸੁਰੱਖਿਆ ਦੇਣ ’ਤੇ ਵਿਚਾਰ ਕਰ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਪੋਸਟ ’ਚ ਕਿਹਾ ਗਿਆ, ‘‘ਮੌਤ ਤੁਹਾਡੇ ਆਸ-ਪਾਸ ਮੰਡਰਾ ਰਹੀ ਹੈ, ਮਰਨ ਲਈ ਤਿਆਰ ਹੋ ਜਾਓ। ਤੁਸੀਂ ਵਿਨਾਸ਼ ਦੇ ਰਾਹ ’ਤੇ ਚੱਲੇ ਹੋ। ਤੁਸੀਂ ਮੌਤ ਦੇ ਮੁਹਾਨੇ ’ਤੇ ਖੜ੍ਹੇ ਹੋ। ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ। ਮੌਤ ਤੁਹਾਡੇ ਤੱਕ ਵੱਖ-ਵੱਖ ਰਸਤਿਓਂ ਆ ਸਕਦੀ ਹੈ। ਆਪਣੇ ਪਰਿਵਾਰ ਵਾਲਿਆਂ ਨੂੰ ਦੱਸ ਦਿਓ ਅਤੇ ਅੰਤਿਮ ਸੰਸਕਾਰ ਦੀ ਤਿਆਰੀ ਕਰੋ।’’ ਇਹ ਮੈਸੇਜ ਕਥਿਤ ਤੌਰ ’ਤੇ ‘ਸਹਿਨਸ਼ੀਲ ਹਿੰਦੂ’ ਦੇ ਨਾਂ ਨਾਲ ਇਨ੍ਹਾਂ ਤੱਕ ਪੁੱਜਾ ਹੈ।
ਮੁਲਬਗਲ ’ਚ ਹਿੰਸਾ ਤੋਂ ਬਾਅਦ ਮਨਾਹੀ ਦੇ ਹੁਕਮ ਲਾਗੂ
ਕਰਨਾਟਕ ਦੇ ਮੁਲਬਾਗਲ ’ਚ ਸ਼੍ਰੀ ਰਾਮਨੌਮੀ ਦੇ ਜਲੂਸ ਦੌਰਾਨ ਪਥਰਾਅ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਤਿੰਨ ਦਿਨਾਂ ਲਈ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ। ਪੁਲਸ ਸੂਤਰਾਂ ਮੁਤਾਬਕ ਇਸ ਮਾਮਲੇ ’ਚ 6 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਭਗਵਾਨ ਰਾਮ ਦੀ 16 ਫੁੱਟ ਲੰਬੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਲਾਠੀਚਾਰਜ ਕੀਤਾ।